WHO ਦੀ ਪ੍ਰਵਾਨਿਤ ਟੀਕਿਆਂ ਦੇ ਨਿਰਮਾਤਾਵਾਂ ਨੂੰ ਸਲਾਹ, Covaxin ਨੂੰ ਦਿਓ ਤਰਜੀਹ, ਸ਼ੇਅਰਧਾਰਕਾਂ ਦੇ ਲਾਭ ਨੂੰ ਨਹੀਂ

Friday, Nov 05, 2021 - 10:12 AM (IST)

ਜਿਨੇਵਾ (ਭਾਸ਼ਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਮੁਖੀ ਨੇ ਵੀਰਵਾਰ ਨੂੰ ਕਿਹਾ ਕਿ ਕੋਵਿਡ-19 ਰੋਕੂ ਜਿਨ੍ਹਾਂ ਟੀਕਿਆਂ ਨੂੰ ਡਬਲਯੂ.ਐਚ.ਓ. ਤੋਂ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਮਿਲ ਗਈ ਹੈ, ਉਨ੍ਹਾਂ ਦੇ ਨਿਰਮਾਤਾਵਾਂ ਨੂੰ ਆਪਣੇ ਸ਼ੇਅਰਧਾਰਕਾਂ ਦੇ ਮੁਨਾਫ਼ੇ ਦੀ ਬਜਾਏ ਕੋਵੈਕਸ ਨੂੰ ਤਰਜੀਹ ਦੇਣੀ ਚਾਹੀਦੀ ਹੈ। ਡਬਲਯੂ.ਐਚ.ਓ. ਦੇ ਡਾਇਰੈਕਟਰ-ਜਨਰਲ ਟੇਡਰੋਸ ਅਦਾਨੋਮ ਘੇਬਰੇਅਸਸ ਨੇ ਇਹ ਟਿੱਪਣੀ ਡਬਲਯੂ.ਐਚ.ਓ. ਵੱਲੋਂ ਭਾਰਤ ਬਾਇਓਟੈਕ ਦੇ ਕੋਵਿਡ ਰੋਕੂ ਟੀਕੇ ‘ਕੋਵੈਕਸੀਨ’ ਨੂੰ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦੇਣ ਦੇ ਇਕ ਦਿਨ ਬਾਅਦ ਕੀਤੀ ਹੈ।

ਇਹ ਵੀ ਪੜ੍ਹੋ : ਸ਼੍ਰੀਨਗਰ-ਸ਼ਾਰਜਾਹ ਉਡਾਣ ਤੋਂ ਪਾਕਿਸਤਾਨ ਤੰਗ, ਆਪਣੇ ਹਵਾਈ ਖੇਤਰ ਦੀ ਵਰਤੋਂ ਕਰਨ ’ਤੇ ਲਗਾਈ ਰੋਕ

ਉਨ੍ਹਾਂ ਨੇ ਕੋਰੋਨਾ ਵਾਇਰਸ ’ਤੇ ਮੀਡੀਆ ਬ੍ਰੀਫਿੰਗ ਵਿਚ ਕਿਹਾ, ‘ਕੱਲ ਅਸੀਂ ਇਕ ਹੋਰ ਟੀਕਾ ਸ਼ਾਮਲ ਕੀਤਾ ਹੈ। ਕੋਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਲਈ ਸੂਚੀਬੱਧ ਕੀਤਾ ਗਿਆ ਹੈ। ਇਹ ਸੁਰੱਖਿਆ, ਪ੍ਰਭਾਵਸ਼ੀਲਤਾ ਅਤੇ ਗੁਣਵੱਤਾ ਲਈ ਡਬਲਯੂ.ਐਚ.ਓ. ਦੀ ਪ੍ਰਮਾਣਿਕਤਾ ਪ੍ਰਾਪਤ ਕਰਨ ਵਾਲਾ 8ਵਾਂ ਟੀਕਾ ਹੈ।’ ਘੇਬਰੇਅਸਸ ਨੇ ਕਿਹਾ, ‘ਅਸੀਂ ਡਬਲਯੂ.ਐਚ.ਓ. ਵੱਲੋਂ ਐਮਰਜੈਂਸੀ ਵਰਤੋਂ ਲਈ ਸੂਚੀਬੱਧ ਟੀਕਿਆਂ ਦੇ ਨਿਰਮਾਤਾਵਾਂ ਨੂੰ ਸ਼ੇਅਰਧਾਰਕਾਂ ਦੇ ਲਾਭ ਦੀ ਬਜਾਏ ਕੋਵੈਕਸ ਨੂੰ ਤਰਜੀਹ ਦੇਣ ਦੀ ਅਪੀਲ ਕਰਦੇ ਰਹਾਂਗੇ।’

ਇਹ ਵੀ ਪੜ੍ਹੋ : ਜਦੋਂ ਇਜ਼ਰਾਇਲੀ PM ਨੇ ਮੋਦੀ ਨੂੰ ਕਿਹਾ, ‘ਤੁਸੀਂ ਇੱਥੇ ਬਹੁਤ ਲੋਕਪ੍ਰਿਯ ਹੋ, ਮੇਰੀ ਪਾਰਟੀ ’ਚ ਸ਼ਾਮਲ ਹੋ ਜਾਓ’ (ਵੀਡੀਓ)

ਉਨ੍ਹਾਂ ਕਿਹਾ ਕਿ ਜਿਨ੍ਹਾਂ ਟੀਕਿਆਂ ਨੂੰ ਡਬਲਯੂ.ਐਚ.ਓ. ਤੋਂ ਅਜੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਨਹੀਂ ਮਿਲੀ ਹੈ, ਉਹ ਉਸ ਨਾਲ ਸੰਪਰਕ ਕਰਨ ਅਤੇ ਚਰਚਾ ਕਰਨ ਕਿ ਪ੍ਰਕਿਰਿਆ ਨੂੰ ਤੇਜ਼ ਕਿਵੇਂ ਕੀਤਾ ਜਾ ਸਕਦਾ ਹੈ। ਕੋਵੈਕਸ ਇਕ ਗਲੋਬਲ ਪਹਿਲ ਹੈ, ਜਿਸ ਦਾ ਉਦੇਸ਼ ਟੀਕੇ ਤੱਕ ਬਰਾਬਰ ਪਹੁੰਚ ਉਪਬਲੱਧ ਕਰਾਉਣਾ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News