ਪ੍ਰੇਮ ਨਿਕਾਹ ਕਰਵਾਉਣ ਵਾਲੀ ਕੁੜੀ ਨੂੰ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਜ਼ਿੰਦਾ ਸਾੜਿਆ

Saturday, May 27, 2023 - 08:15 PM (IST)

ਪ੍ਰੇਮ ਨਿਕਾਹ ਕਰਵਾਉਣ ਵਾਲੀ ਕੁੜੀ ਨੂੰ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਜ਼ਿੰਦਾ ਸਾੜਿਆ

ਗੁਰਦਾਸਪੁਰ, ਪਾਕਿਸਤਾਨ (ਵਿਨੋਦ)-ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸਬਾ ਝੰਗ ’ਚ ਅੱਜ ਇਕ ਕੁੜੀ ਵੱਲੋਂ ਘਰ ਤੋਂ ਭੱਜ ਕੇ ਆਪਣੀ ਪਸੰਦ ਦੇ ਲੜਕੇ ਨਾਲ ਨਿਕਾਹ ਕਰਵਾਉਣ ’ਤੇ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਜ਼ਿੰਦਾ ਸਾੜ ਕੇ ਮਾਰ ਦਿੱਤਾ। ਸੂਤਰਾਂ ਅਨੁਸਾਰ ਹਸਪਤਾਲ ’ਚ ਆਖਰੀ ਸਾਹ ਲੈਣ ਤੋਂ ਪਹਿਲਾਂ ਮ੍ਰਿਤਕ ਮਾਸੂਮਾ ਬੀਬੀ ਨੇ ਗੜ ਮਹਾਰਾਜਾ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਹ ਆਪਣੀ ਪਸੰਦ ਦੇ ਲੜਕੇ ਤਹਿਬੀਜ਼ ਆਲਮ ਵਾਸੀ ਝੰਗ ਨਾਲ ਨਿਕਾਹ ਕਰਵਾਉਣਾ ਚਾਹੁੰਦਾ ਸੀ ਪਰ ਉਸ ਦੇ ਮਾਂ-ਪਿਓ ਇਸ ਦੇ ਖਿਲਾਫ਼ ਸਨ, ਜਿਸ ’ਤੇ ਅਸੀ ਦੋਵਾਂ ਨੇ 14 ਮਈ ਨੂੰ ਘਰ ਤੋਂ ਭੱਜ ਕੇ ਲਾਹੌਰ ਵਿਚ ਜਾ ਕੇ ਨਿਕਾਹ ਕਰ ਲਿਆ।

ਇਹ ਵੀ ਪੜ੍ਹੋ : 8ਵੀਂ ਪਾਸ ਕੈਫੇ ਮਾਲਕ ਨੇ ਕਰ ’ਤਾ ਵੱਡਾ ਕਾਂਡ, ਪੂਰਾ ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼

ਇਸ ਦੌਰਾਨ ਨਿਕਾਹ ਤੋਂ ਬਾਅਦ ਉਸ ਦੇ ਮਾਂ-ਪਿਓ ਬੀਤੇ ਦਿਨ ਉਸ ਨੂੰ ਆਪਣੇ ਘਰ ਵਾਪਸ ਇਹ ਕਹਿ ਕੇ ਲੈ ਆਏ ਕਿ ਸਾਨੂੰ ਨਿਕਾਹ ’ਤੇ ਇਤਰਾਜ਼ ਨਹੀਂ ਹੈ ਅਤੇ ਅਸੀਂ ਧੂਮਧਾਮ ਨਾਲ ਤੇਰਾ ਨਿਕਾਹ ਕਰਾਂਗੇ। ਘਰ ਵਾਪਸ ਆਉਣ ’ਤੇ ਉਸ ਦੇ ਪਿਤਾ ਰਜ਼ਬ ਅਲੀ, ਭਰਾ ਜੱਬਾਰ ਅਤੇ ਆਮਰ ਸਮੇਤ ਤਿੰਨ ਰਿਸ਼ਤੇਦਾਰ ਮਹਿਲਾ ਕੌਂਸਰ, ਸੁਮੇਰਾ ਅਤੇ ਆਈਸਾ ਨੇ ਉਸ ਦੇ ਸਰੀਰ ’ਤੇ ਪੈਟਰੋਲ ਛਿੜਕ ਕੇ ਕੱਪੜਿਆਂ ਨੂੰ ਅੱਗ ਲਗਾ ਦਿੱਤੀ। ਬੁਰੀ ਤਰ੍ਹਾਂ ਝੁਲਸ ਜਾਣ ’ਤੇ ਉਸ ਨੂੰ ਹਸਪਤਾਲ ਲਿਆਂਦਾ ਗਿਆ। ਪੁਲਸ ਨੂੰ ਬਿਆਨ ਦੇਣ ਤੋਂ 2 ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ। ਪੁਲਸ ਨੇ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕਰ ਲਿਆ ਹੈ।


author

Manoj

Content Editor

Related News