ਬ੍ਰਿਸਬੇਨ ਵਿਖੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ''ਤੇ ਵਿਚਾਰ ਗੋਸ਼ਟੀ 4 ਨਵੰਬਰ ਨੂੰ

Thursday, Nov 01, 2018 - 10:09 AM (IST)

ਬ੍ਰਿਸਬੇਨ ਵਿਖੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ''ਤੇ ਵਿਚਾਰ ਗੋਸ਼ਟੀ 4 ਨਵੰਬਰ ਨੂੰ

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)— ਸਿੱਖ ਧਰਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਅਤੇ ਉਨ੍ਹਾਂ ਵਲੋਂ ਸਿੱਖ ਧਰਮ ਲਈ ਕੀਤੇ ਗਏ ਵਡਮੁੱਲੇ ਕਾਰਜਾਂ ਅਤੇ ਸਾਹਿਤਕ ਯੋਗਦਾਨ 'ਤੇ ਆਧਾਰਿਤ ਵਿਚਾਰ ਗੋਸ਼ਟੀ ਪੰਜ-ਆਬ ਰੀਡਿੰਗ ਗਰੁੱਪ ਆਸਟ੍ਰੇਲੀਆ, ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਬ੍ਰਿਸਬੇਨ ਅਤੇ ਸਮੂਹ ਭਾਈਚਾਰੇ ਦੇ ਸਹਿਯੋਗ ਦੇ ਨਾਲ ਦਿਨ ਐਤਵਾਰ, 4 ਨਵੰਬਰ ਨੂੰ 'ਸਿੱਖ ਐਜੂਕੇਸ਼ਨ ਐਂਡ ਵੈੱਲਫੇਅਰ ਸੈਂਟਰ', ਬ੍ਰਿਸਬੇਨ ਸਿੱਖ ਗੁਰਦੁਆਰਾ ਸਾਹਿਬ ਵਿਖੇ ਕਰਵਾਈ ਜਾ ਰਹੀ ਹੈ।


ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜ-ਆਬ ਰੀਡਿੰਗ ਗਰੁੱਪ ਦੇ ਪ੍ਰਬੰਧਕ ਗੁਰਸੇਵਕ ਸਿੰਘ ਅਤੇ ਕੁਲਜੀਤ ਸਿੰਘ ਨੇ ਦੱਸਿਆ ਕਿ ਸਿੱਖ ਧਰਮ ਵਿੱਚ ਅਨੇਕਾਂ ਹੀ ਵਿਦਵਾਨ, ਸੂਰਬੀਰ ਯੋਧੇ ਅਤੇ ਸਮਾਜ-ਸੁਧਾਰਕ ਪੈਦਾ ਹੋਏ ਹਨ, ਜਿਨ੍ਹਾਂ ਦੀ ਸਿੱਖ ਇਤਿਹਾਸ ਵਿੱਚ ਕੀਤੀ ਗਈ ਘਾਲਣਾ ਤੇ ਯੋਗਦਾਨ ਨੂੰ ਵਿਸਾਰ ਦਿੱਤਾ ਗਿਆ ਹੈ। ਇਸ ਲਈ ਅਜੋਕੀ ਪੀੜ੍ਹੀ ਨੂੰ ਇਨ੍ਹਾਂ ਮਹਾਨ ਵਿਦਵਾਨਾਂ ਵਲੋਂ ਪਾਏ ਗਏ ਯੋਗਦਾਨ ਤੇ ਵਡਮੁੱਲੇ ਕਾਰਜਾਂ ਬਾਰੇ ਜਾਗਰੂਕ ਕਰਨ ਹਿੱਤ ਵਿਚਾਰ ਗੋਸ਼ਟੀਆਂ ਕਰਨ ਦਾ ਲੜੀਵਾਰ ਕਾਰਜ ਆਰੰਭਿਆ ਗਿਆ ਹੈ।


ਉਨ੍ਹਾਂ ਕਿਹਾ ਕਿ ਇਸ ਕਾਰਜ ਵਿੱਚ ਡਾ. ਬੀ.ਆਰ. ਅੰਬੇਡਕਰ ਸੁਸਾਇਟੀ ਗਰੁੱਪ ਭਰਵਾਂ ਸਹਿਯੋਗ ਦੇ ਰਹੀ ਹੈ। ਇਸ ਵਿੱਚ ਇਸ ਦੇ ਸਰਗਰਮ ਮੈਂਬਰ ਦਲਜੀਤ ਸਿੰਘ, ਹਰਵਿੰਦਰ ਕੁਮਾਰ, ਬਲਵਿੰਦਰ ਮੋਰੋਂ, ਜਗਦੀਪ ਸਿੰਘ, ਬਲਵਿੰਦਰ ਵਿਦਿਆਰਥੀ, ਸੁਖਦਿਆਲ ਸਿੰਘ, ਭੁਪਿੰਦਰ ਮੁਹਾਲੀ ਤੇ ਹਰਦੀਪ ਵਾਗਲਾ ਵੀ ਸੇਵਾ ਨਿਭਾਅ ਰਹੇ ਹਨ। ਦੋਵੇਂ ਸੰਸਥਾਵਾਂ ਦੇ ਕਰਮਚਾਰੀਆਂ ਨੇ ਸਮੂਹ ਲੋਕਾਈ ਨੂੰ ਇਸ ਵਿਚਾਰ ਗੋਸ਼ਟੀ 'ਚ ਪਹੁੰਚਣ ਦਾ ਖੁੱਲ੍ਹਾ-ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਭਾਈ ਦਿੱਤ ਸਿੰਘ ਜੀ ਪਹਿਲੀ ਅਜਿਹੀ ਸਿੱਖ ਸਖਸ਼ੀਅਤ ਸਨ, ਜਿਨ੍ਹਾਂ ਖਰਾਬ ਸਥਿਤੀਆਂ 'ਚ ਵੀ ਸਿੱਖੀ ਦੇ ਪਸਾਰੇ ਅਤੇ ਪੰਜਾਬੀ ਜ਼ੁਬਾਨ ਲਈ ਇਕੱਲਿਆਂ ਝੰਡਾ ਬੁਲੰਦ ਕੀਤਾ ਸੀ। ਭਾਈ ਦਿੱਤ ਸਿੰਘ ਨੂੰ ਪੰਜਾਬੀ ਪੱਤਰਕਾਰੀ ਦਾ 'ਪਿਤਾਮਾ' ਵੀ ਕਿਹਾ ਜਾ ਸਕਦਾ ਹੈ। 51 ਸਾਲ ਦੀ ਉਮਰ ਵਿਚ ਇਸ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਭਾਈ ਸਾਹਿਬ ਨੇ ਸਿੱਖ ਧਰਮ 'ਤੇ ਬਹੁਤ ਸਾਰੀਆਂ ਪੁਸਤਕਾਂ ਵੀ ਲਿਖੀਆਂ, ਜਿਨ੍ਹਾਂ ਦੀ ਮੌਲਿਕਤਾ ਤੇ ਤਾਜ਼ਗੀ ਨੂੰ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ।


Related News