ਲਾਕਡਾਊਨ ਦਾ ਉਲੰਘਣ ਰੋਕਣ ਲਈ ਇਸ ਦੇਸ਼ 'ਚ ਸੜਕਾਂ 'ਤੇ ਘੁੰਮ ਰਹੇ ਨੇ 'ਭੂਤ'
Tuesday, Apr 14, 2020 - 08:06 PM (IST)
ਜਕਾਰਤਾ- ਇੰਡੋਨੇਸ਼ੀਆ ਵਿਚ ਵੀ ਹਰ ਰੋਜ਼ ਕੋਰੋਨਾਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਥੇ ਹੁਣ ਤੱਕ 5000 ਤੋਂ ਵਧੇਰੇ ਕੇਸ ਸਾਹਮਣੇ ਆ ਚੁੱਕੇ ਹਨ ਜਦਕਿ 400 ਲੋਕਾਂ ਦੀ ਇਸ ਕਾਰਣ ਮੌਤ ਹੋ ਗਈ ਹੈ। ਇੰਡੋਨੇਸ਼ੀਆ ਸਰਕਾਰ ਨੇ ਵੀ ਲਾਕਡਾਊਨ ਲਾਗੂ ਕੀਤਾ ਹੋਇਆ ਹੈ ਤੇ ਦੇਸ਼ ਵਿਚ ਸਖਤ ਯਾਤਰਾ ਪਾਬੰਦੀ ਲਾਗੂ ਕੀਤੀ ਹੈ। ਹਾਲਾਂਕਿ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਲਾਕਡਾਊਨ ਦਾ ਉਲੰਘਣ ਕਰ ਰਹੇ ਹਨ, ਜਿਹਨਾਂ ਨੂੰ ਘਰਾਂ ਵਿਚ ਰੱਖਣ ਲਈ ਸਰਕਾਰ ਤੇ ਕੁਝ ਵਲੰਟੀਅਰਸ ਨੇ ਇਕ ਬੇਹੱਦ ਹਟਕੇ ਤਰੀਕਾ ਅਪਣਾਇਆ ਹੈ।
ਸੀ.ਐਨ.ਐਨ. ਮੁਤਾਬਕ ਇੰਡੋਨੇਸ਼ੀਆ ਦੇ ਸੈਂਟ੍ਰਲ ਜਾਵਾ ਵਿਚ ਲੋਕਾਂ ਦੇ ਵਾਰ-ਵਾਰ ਲਾਕਡਾਊਨ ਦਾ ਉਲੰਘਣ ਕਰਨ ਦੇ ਮੱਦੇਨਜ਼ਰ ਪੁਲਸ ਤੇ ਸਰਕਾਰ ਦੀ ਸਹਾਇਤਾ ਦੇ ਲਈ ਕੁਝ ਨੌਜਵਾਨ ਵਲੰਟੀਅਰ ਗਰੁੱਪ ਸਾਹਮਣੇ ਆਏ ਹਨ। ਰਾਤ ਵਿਚ ਘਰਾਂ ਵਿਚ ਹੀ ਰਹਿਣ ਤੇ ਪਾਰਟੀ ਕਰਨ, ਘੁੰਮਣ-ਫਿਰਨ ਦੇ ਲਈ ਨਾ ਨਿਕਲਣ ਇਸ ਲਈ ਸੜਕਾਂ 'ਤੇ ਭੂਤ ਛੱਡ ਦਿੱਤੇ ਗਏ ਹਨ। ਅਸਲ ਵਿਚ ਦੇਸ਼ ਦੇ ਇਸ ਇਲਾਕੇ ਦੇ ਲੋਕਾਂ ਵਿਚ 'ਪੋਂਚੋਂਗ' ਨਾਂ ਦੇ ਇਕ ਭੂਤ ਦੀ ਬਹੁਤ ਦਹਿਸ਼ਤ ਰਹੀ ਹੈ। ਇਸ ਭੂਤ ਦੇ ਰਾਤ ਵਿਚ ਸੜਕਾਂ 'ਤੇ ਘੁੰਮਣ ਤੇ ਲੋਕਾਂ ਦਾ ਕਤਲ ਕਰਨ ਦੀਆਂ ਕਈ ਕਹਾਣੀਆਂ ਮਸ਼ਹੂਰ ਹਨ। ਅਜਿਹੇ ਵਿਚ ਕੁਝ ਨੌਜਵਾਨਾਂ ਨੇ ਲੋਕਾਂ ਨੂੰ ਘਰਾਂ ਵਿਚ ਰੱਖਣ ਦੇ ਲਈ ਇਸ 'ਭੂਤ' ਦਾ ਪਹਿਰਾਵਾ ਬਣਾ ਕੇ ਸੜਕਾਂ 'ਤੇ ਟਹਿਲਣਾ ਸ਼ੁਰੂ ਕਰ ਦਿੱਤਾ ਹੈ।
ਫਾਇਦੇ ਤੋਂ ਵਧੇਰੇ ਹੋਇਆ ਨੁਕਸਾਨ
ਦੱਸ ਦਈਏ ਕਿ ਨੌਜਵਾਨ ਵਲੰਟੀਅਰ ਗਰੁੱਪ ਦੇ ਇਸ ਸਟੰਟ ਦਾ ਕੁਝ ਖਾਸ ਫਾਇਦਾ ਨਹੀਂ ਹੋਇਆ ਹੈ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਜੋ ਲੋਕ ਘਰਾਂ ਵਿਚੋਂ ਨਿਕਲ ਨਹੀਂ ਰਹੇ ਸਨ ਉਹ ਵੀ ਇਹਨਾਂ ਨੂੰ ਦੇਖਣ ਲਈ ਰਾਤਾਂ ਨੂੰ ਘਰਾਂ ਵਿਚੋਂ ਬਾਹਰ ਨਿਕਲ ਰਹੇ ਹਨ। ਇਸ ਗਰੁੱਪ ਨਾਲ ਜੁੜੇ ਪਨਕੰਗਤਯਾਸ ਦੱਸਦੇ ਹਨ ਕਿ ਅਸੀਂ ਲੋਕਾਂ ਨੂੰ ਲਾਕਡਾਊਨ ਦੇ ਪਾਲਣ ਦੇ ਲਈ ਕੁਝ ਹਟਕੇ ਕਰਨਾ ਚਾਹੁੰਦੇ ਸੀ। ਇਹ ਭੂਤ ਬਹੁਤ ਡਰਾਉਣਾ ਤੇ ਮਸ਼ਹੂਰ ਹੈ, ਸਾਨੂੰ ਲੱਗਿਆ ਸੀ ਲੋਕ ਡਰ ਕੇ ਘਰਾਂ ਵਿਚ ਰਹਿਣਗੇ। ਉਹਨਾਂ ਦੱਸਿਆ ਕਿ ਇਹ ਕੰਮ ਲੋਕਲ ਪੁਲਸ ਦੀ ਮਦਦ ਨਾਲ ਕੀਤਾ ਗਿਆ ਸੀ ਤੇ ਆਈਡੀਆ ਇਹ ਸੀ ਕਿ ਪੋਂਚੋਂਗਾ ਭੂਤ ਪੁਲਸ ਦੇ ਨਾਲ ਰਾਤ ਨੂੰ ਪੈਟਰੋਲਿੰਗ ਵਿਚ ਸ਼ਾਮਲ ਹੋਵੇਗਾ।
ਇੰਡੋਨੇਸ਼ੀਆ ਵਿਚ ਵੀ ਕੋਰੋਨਾਵਾਇਰਸ ਨੈਸ਼ਨਲ ਡਿਜ਼ਾਸਟਰ ਐਲਾਨ
ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋ ਨੇ ਸੋਮਵਾਰ ਨੂੰ ਕੋਰੋਨਾਵਾਇਰਸ ਨੂੰ ਰਾਸ਼ਟਰੀ ਆਪਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਨਜਿੱਠਣ ਦੇ ਲਈ ਕੋਵਿਡ-19 ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਰਾਸ਼ਟਰ ਦੇ ਨਾਂ ਇਕ ਪੱਤਰ ਲਿਖਿਆ ਜਿਸ ਵਿਚ ਉਹਨਾਂ ਨੂੰ ਸਾਰੇ ਮੰਤਰੀਆਂ, ਸਰਕਾਰੀ ਏਜੰਸੀਆਂ, ਰੀਜਨਲ ਐਡਮਿਨਿਸਟ੍ਰੇਸ਼ਨ ਦੇ ਲੋਕਾਂ ਨੂੰ ਨਾਲ ਮਿਲਾ ਕੇ ਜਨਤਾ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਦੇਸ਼ ਵਿਚ 31 ਮਾਰਚ ਨੂੰ ਹੀ ਪਬਲਿਕ ਐਮਰਜੰਸੀ ਤੇ 15 ਦਿਨ ਦੇ ਲਈ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਸੀ।