ਤਾਲਿਬਾਨ ਖ਼ਿਲਾਫ਼ ਅਫਗਾਨਿਸਤਾਨ ’ਚ ਮਹਿਲਾਵਾਂ ਨੇ ਚੁੱਕੇ ਹਥਿਆਰ
Wednesday, Jul 07, 2021 - 01:55 PM (IST)
ਕਾਬੁਲ (ਬਿਊਰੋ)– ਅਫਗਾਨਿਸਤਾਨ ਦੀ ਸਥਿਤੀ ਕਾਫੀ ਤੇਜ਼ੀ ਨਾਲ ਖਰਾਬ ਹੁੰਦੀ ਜਾ ਰਹੀ ਹੈ ਤੇ ਦੇਸ਼ ਘਰੇਲੂ ਯੁੱਧ ਦੀ ਅੱਗ ’ਚ ਸੜਨ ਦੇ ਰਸਤੇ ’ਤੇ ਆ ਖੜ੍ਹਾ ਹੋਇਆ ਹੈ। ਤਾਲਿਬਾਨ ਨੇ ਪੂਰੇ ਦੇਸ਼ ’ਤੇ ਕਬਜ਼ਾ ਕਰਨ ਲਈ ਕਾਫੀ ਹਿੰਸਕ ਲੜਾਈ ਛੇੜ ਦਿੱਤੀ ਹੈ, ਉਥੇ ਤਾਲਿਬਾਨ ਖ਼ਿਲਾਫ਼ ਆਮ ਲੋਕਾਂ ਨੇ ਹਥਿਆਰ ਚੁੱਕ ਲਏ ਹਨ।
ਅਫਗਾਨਿਸਤਾਨ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਹ ਕਾਫੀ ਖਤਰਨਾਕ ਹਨ ਤੇ ਅਫਗਾਨਿਸਤਾਨ ਦੇ ਭਵਿੱਖ ਨੂੰ ਲੈ ਕੇ ਚਿੰਤਾ ਪੈਦਾ ਕਰਦੀਆਂ ਹਨ। ਪਿਛਲੇ ਦੋ ਦਿਨਾਂ ’ਚ ਤਾਲਿਬਾਨ ਨੇ ਜਿਥੇ 20 ਜ਼ਿਲ੍ਹਿਆਂ ’ਤੇ ਕੰਟਰੋਲ ਸਥਾਪਿਤ ਕੀਤਾ ਹੈ, ਉਥੇ ਹੁਣ ਤਾਲਿਬਾਨ ਦੇ ਖ਼ਿਲਾਫ਼ ਮਹਿਲਾਵਾਂ ਨੇ ਹਥਿਆਰ ਚੁੱਕ ਲਏ ਹਨ।
ਅਫਗਾਨਿਸਤਾਨੀ ਮੀਡੀਆ ਟੋਲੋ ਨਿਊਜ਼ ਮੁਤਾਬਕ ਅਫਗਾਨਿਸਤਾਨ ਦੇ ਜਿਨ੍ਹਾਂ ਹਿੱਸਿਆਂ ’ਚ ਤਾਲਿਬਾਨ ਦੀ ਤਾਕਤ ਵੱਧ ਰਹੀ ਹੈ, ਉਨ੍ਹਾਂ ਇਲਾਕਿਆਂ ’ਚ ਆਮ ਲੋਕਾਂ ਨੇ ਤਾਲਿਬਾਨ ਦੇ ਖ਼ਿਲਾਫ਼ ਹਥਿਆਰ ਆਪਣੇ ਹੱਥਾਂ ’ਚ ਲੈ ਲਏ ਹਨ। ਸਭ ਤੋਂ ਤਾਜ਼ਾ ਤਸਵੀਰ ਅਫਗਾਨਿਸਤਾਨ ਦੀਆਂ ਘੋਰ ਮਹਿਲਾਵਾਂ ਦੀ ਹੈ। ਟੋਲੋ ਨਿਊਜ਼ ਮੁਤਾਬਕ ਅਫਗਾਨਿਸਤਾਨ ਦੀ ਲੋਕਤਾਂਤਰਿਕ ਸਰਕਾਰ ਦੇ ਸਮਰਥਨ ’ਚ ਤੇ ਸੁਰੱਖਿਆ ਬਲਾਂ ਦਾ ਸਾਥ ਦੇਣ ਲਈ ਸੈਂਕੜੇ ਘੋਰ ਮਹਿਲਾਵਾਂ ਨੇ ਤਾਲਿਬਾਨ ਖ਼ਿਲਾਫ਼ ਹੱਥਾਂ ’ਚ ਹਥਿਆਰ ਫੜ ਲਏ ਹਨ।
ਅਫਗਾਨਿਸਤਾਨ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉਨ੍ਹਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਘੋਰ ਮਹਿਲਾਵਾਂ ਦੇ ਹੱਥਾਂ ’ਚ ਹਥਿਆਰ ਹਨ। ਹਾਲਾਂਕਿ ਇਹ ਮਹਿਲਾਵਾਂ ਤਾਲਿਬਾਨ ਦਾ ਕਿੰਨਾ ਸਾਹਮਣਾ ਕਰ ਪਾਉਣਗੀਆਂ, ਇਸ ’ਤੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਹੈ ਪਰ ਇੰਨਾ ਤੈਅ ਹੈ ਕਿ ਅਫਗਾਨਿਸਤਾਨ ਦੀ ਸਥਿਤੀ ਆਉਣ ਵਾਲੇ ਸਮੇਂ ’ਚ ਕਾਫੀ ਜ਼ਿਆਦਾ ਖਰਾਬ ਹੋਣ ਵਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।