ਜਰਮਨੀ 'ਚ ਸਮਾਜਿਕ ਦੂਰੀ ਬਣਾਉਣ ਦਾ ਅਨੋਖਾ ਪ੍ਰਯੋਗ, ਤਸਵੀਰਾਂ ਵਾਇਰਲ
Friday, May 15, 2020 - 10:14 AM (IST)
ਬਰਲਿਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਤੋਂ ਬਚਣ ਦਾ ਇਕੋਇਕ ਤਰੀਕਾ ਸਮਾਜਿਕ ਦੂਰੀ ਬਣਾਈ ਰੱਖਣਾ ਹੈ। ਦੁਨੀਆ ਭਰ ਵਿਚ ਜਿਹੜੇ ਦੇਸ਼ਾਂ ਨੇ ਲਾਕਡਾਊਨ ਵਿਚ ਢਿੱਲ ਦਿੱਤੀ ਹੈ ਉੱਥੇ ਲੋਕਾਂ ਨੂੰ ਇਸ ਨਿਯਮ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।ਇਸ ਦੇ ਤਹਿਤ ਜਰਮਨੀ ਵਿਚ ਇਕ ਕੈਫੇ ਨੇ ਸਮਾਜਿਕ ਦੂਰੀ ਬਣਾਈ ਰੱਖਣ ਦਾ ਵਿਲੱਖਣ ਤਰੀਕਾ ਕੱਢਿਆ। ਕੈਫੇ ਨੇ ਸਵੀਮਿੰਗ ਪੂਲ ਨੂਡਲਜ਼ ਨਾਲ ਖਾਸ ਹੈੱਡਗਿਯਰ ਬਣਾਏ ਹਨ ਜੋ ਗਾਹਕਾਂ ਨੂੰ ਕੁਰਸੀ 'ਤੇ ਬੈਠਣ ਤੋਂ ਪਹਿਲਾਂ ਪਵਾਏ ਜਾਂਦੇ ਹਨ। ਇਹਨਾਂ ਨੂਡਲਜ਼ ਦੇ ਕਾਰਨ ਸਮਾਜਿਕ ਦੂਰੀ ਦੀ ਪਾਲਣਾ ਚੰਗੇ ਢੰਗ ਨਾਲ ਹੋ ਰਹੀ ਹੈ। ਗੌਰਤਲਬ ਹੈ ਕਿ ਜਰਮਨੀ ਵਿਚ ਕੋਰੋਨਾਵਾਇਰਸ ਨਾਲ ਕਰੀਬ 8 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸ਼ੇਵਰਿਨ ਇਲਾਕੇ ਵਿਚ ਮੌਜੂਦ ਕੈਫੇ ਵਿਚ ਲੋਕ ਸਟ੍ਰਾ ਹੈਟਸ ਪਹਿਨੇ ਦਿਸ ਰਹੇ ਹਨ ਜਿਹਨਾਂ ਵਿਚ ਦੋ ਸਵੀਮਿੰਗ ਪੂਲ ਨੂਡਲਜ਼ ਲਗਾਏ ਗਏ ਹਨ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਜਿਹਾ ਹੀ ਹੈੱਡਗਿਯਰ ਚੀਨ ਵਿਚ ਐਲੀਮੈਂਟਰੀ ਸਕੂਲ ਦੇ ਬੱਚਿਆਂ ਲਈ ਬਣਾਇਆ ਗਿਆ ਤਾਂਜੋ ਉਹ ਕਲਾਸ ਵਿਚ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰ ਸਕਣ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟੇ ਦੌਰਾਨ 1754 ਲੋਕਾਂ ਦੀ ਮੌਤ, ਦੁਨੀਆ ਭਰ 'ਚ 3 ਲੱਖ ਤੋਂ ਵਧੇਰੇ ਮੌਤਾਂ
ਜਰਮਨੀ ਦੇ ਕੈਫੇ ਦੀ ਤਸਵੀਰ ਫੇਸਬੁੱਕ 'ਤੇ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਲੋਕ ਇਸ ਢੰਗ ਨੂੰ ਬਹੁਤ ਨਵੀਨਤਾਕਾਰੀ ਦੱਸ ਰਹੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਦੇਸ਼ ਨੇ ਸਮਾਜਿਕ ਦੂਰੀ ਬਣਾਉਣ ਲਈ ਵਿਲੱਖਣ ਪ੍ਰਯੋਗ ਕੀਤਾ ਹੈ। ਇਸ ਤੋਂ ਪਹਿਲਾਂ ਸਿੰਗਾਪੁਰ ਵਿਚ ਵੀ ਲੋਕਾਂ ਨੂੰ ਘਰਾਂ ਵਿਚ ਰਹਿਣ ਦੇ ਲਈ ਪ੍ਰੇਰਿਤ ਕਰਨ ਲਈ ਰੋਬੋਟ ਦੀ ਵਰਤੋਂ ਕੀਤੀ ਗਈ ਸੀ ਜਦਕਿ ਅਮਰੀਕਾ ਵਿਚ ਲੋਕ ਪਲਾਸਟਿਕ ਦੇ ਬਬਲਜ਼ ਦੇ ਨਾਲ ਘੁੰਮਦੇ ਦੇਖੇ ਗਏ। ਅਸਲ ਵਿਚ ਜਰਮਨੀ ਵਿਚ ਹੁਣ ਰੈਸਟੋਰੈਂਟ ਅਤੇ ਕੈਫੇ ਖੁੱਲ੍ਹਣ ਲੱਗੇ ਹਨ। ਇੱਥੇ ਲਾਕਡਾਊਨ ਵਿਚ ਢਿੱਲ ਦਿੱਤੀ ਜਾ ਰਹੀ ਹੈ। ਚਾਂਸਲਰ ਐਂਜਲਾ ਮਰਕੇਲ ਨੇ ਪਿਛਲੇ ਹਫਤੇ ਦੁਕਾਨਾਂ ਨੂੰ ਖੋਲ੍ਹਣ ਦਾ ਐਲਾਨ ਕੀਤਾ ਸੀ। ਇੱਥੇ ਸਕੂਲ ਖੋਲ੍ਹਣ ਦੀ ਵੀ ਇਜਾਜ਼ਤ ਦਿੱਤੀ ਗਈ ਸੀ। ਉੱਥੇ ਕੁਝ ਰਾਜ ਅਜਿਹੇ ਵੀ ਹਨ ਜੋ ਦੁਬਾਰਾ ਲਾਕਡਾਊਨ ਲਗਾਉਣ 'ਤੇ ਵਿਚਾਰ ਕਰਰਹੇ ਹਨ ਕਿਉਂਕਿ ਉਹਨਾਂ ਨੂੰ ਦੂਜੇ ਦੌਰ ਦੇ ਕੋਰੋਨਾਵਾਇਰਸ ਇਨਫੈਕਸ਼ਨ ਦਾ ਡਰ ਹੈ।