ਕੋਰੋਨਾ ਤੋਂ ਬਚਾਅ ਲਈ ਜਰਮਨੀ ਨੇ ਤਾਲਾਬੰਦੀ ਦੀ ਮਿਆਦ ਵਧਾਈ, ਨਵੀਂਆਂ ਪਾਬੰਦੀਆਂ ਲਾਗੂ
Wednesday, Jan 06, 2021 - 11:53 AM (IST)
ਬਰਿਲਨ- ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਨੇ ਮੰਗਲਵਾਰ ਨੂੰ ਦੇਸ਼ ਪੱਧਰੀ ਤਾਲਾਬੰਦੀ ਨੂੰ ਵਧਾਉਣ ਦੀ ਘੋਸ਼ਣਾ ਕਰ ਦਿੱਤੀ ਹੈ। ਹੁਣ ਜਨਵਰੀ ਮਹੀਨੇ ਦੇ ਅਖੀਰ ਤੱਕ ਦੇਸ਼ ਵਿਚ ਤਾਲਾਬੰਦੀ ਲਾਗੂ ਰਹੇਗੀ। ਉਨ੍ਹਾਂ ਕਿਹਾ ਸਾਨੂੰ ਲੋਕਾਂ ਦੇ ਸੰਪਰਕ ਨੂੰ ਹੋਰ ਸਖ਼ਤਾਈ ਨਾਲ ਰੋਕਣਾ ਹੋਵੇਗਾ। ਅਸੀਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਦੂਜਿਆਂ ਦੇ ਸੰਪਰਕ ਵਿਚ ਘੱਟ ਤੋਂ ਘੱਟ ਆਉਣ।
ਮਰਕੇਲ ਨੇ ਕਿਹਾ ਕਿ ਅਸੀਂ ਦੇਸ਼ ਵਿਚ ਤਾਲਾਬੰਦੀ ਨੂੰ 31 ਜਨਵਰੀ ਤੱਕ ਵਧਾਉਣ ਦਾ ਫੈਸਲਾ ਲੋਕਾਂ ਦੇ ਹਿੱਤ ਨੂੰ ਦੇਖਦੇ ਹੋਏ ਲਿਆ ਹੈ। ਪੂਰੇ ਜਰਮਨੀ ਵਿਚ ਵਧੇਰੇ ਪ੍ਰਭਾਵਿਤ ਖੇਤਰਾਂ ਦੇ ਨਿਵਾਸੀਆਂ ਲਈ ਪਹਿਲੀ ਵਾਰ ਗੈਰ-ਜ਼ਰੂਰੀ ਯਾਤਰਾ ਦੇ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ। ਨਵੇਂ ਨਿਯਮ ਮੁਤਾਬਕ ਕਿਸੇ ਇਕ ਘਰ ਦੇ ਮੈਂਬਰਾਂ ਨੂੰ ਜਨਤਕ ਰੂਪ ਨਾਲ ਸਿਰਫ ਇਕ ਹੋਰ ਵਿਅਕਤੀ ਮਿਲ ਸਕਦਾ ਹੈ। ਇਸ ਦੇ ਇਲਾਵਾ ਜੇਕਰ ਜ਼ਰੂਰੀ ਨਾ ਹੋਵੇ ਤਾਂ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਦੇ ਇਲ਼ਾਵਾ ਦੁਕਾਨਾਂ ਤੇ ਰੈਸਟੋਰੈਂਟ ਵੀ ਬੰਦ ਰਹਿਣਗੇ।
ਮਰਕੇਲ ਨੇ ਕਿਹਾ ਕਿ ਉਹ 25 ਜਨਵਰੀ ਨੂੰ ਸੂਬੇ ਦੇ ਹੋਰ ਨੇਤਾਵਾਂ ਨਾਲ ਨਵੀਆਂ ਯੋਜਨਾਵਾਂ ਸਬੰਧੀ ਸਮੀਖਿਆ ਕਰਨਗੇ। ਕਈ ਯੂਰਪੀ ਦੇਸ਼ਾਂ ਵਾਂਗ ਜਰਮਨੀ ਵੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੂੰ ਰੋਕਣ ਲਈ ਸੰਘਰਸ਼ ਕਰ ਰਿਹਾ ਹੈ। ਇਸ ਤੋਂ ਪਹਿਲਾਂ ਬ੍ਰਿਟੇਨ ਨੇ ਮੰਗਲਵਾਰ ਨੂੰ ਤੀਜੀ ਰਾਸ਼ਟਰ ਪੱਧਰੀ ਤਾਲਾਬੰਦੀ ਲਾਗੂ ਕਰ ਦਿੱਤੀ ਹੈ ਅਤੇ ਲੋਕਾਂ ਨੂੰ ਘਰਾਂ ਵਿਚ ਰਹਿਣ ਦਾ ਹੁਕਮ ਦਿੱਤਾ ਗਿਆ ਹੈ।