ਜਰਮਨੀ ''ਚ 34 ਫੀਸਦੀ ਜੋੜੇ ਵੱਖਰੇ ਰਹਿਣ ਲਈ ਮਜਬੂਰ : ਰਿਪੋਰਟ

Sunday, Apr 28, 2019 - 05:06 PM (IST)

ਜਰਮਨੀ ''ਚ 34 ਫੀਸਦੀ ਜੋੜੇ ਵੱਖਰੇ ਰਹਿਣ ਲਈ ਮਜਬੂਰ : ਰਿਪੋਰਟ

ਬਰਲਿਨ (ਬਿਊਰੋ)— ਜਰਮਨੀ ਵਿਚ ਕਰੀਬ 34 ਫੀਸਦੀ ਲੋਕ ਜਰਮਨ ਭਾਸ਼ਾ ਦੇ ਟੈਸਟ ਵਿਚ ਫੇਲ ਹੋਣ ਕਾਰਨ ਆਪਣੇ ਜੀਵਨਸਾਥੀ ਦੇ ਨਾਲ ਨਹੀਂ ਰਹਿ ਪਾ ਰਹੇ ਹਨ। ਇਹ ਜਾਣਕਾਰੀ ਜਰਮਨੀ ਦੇ ਵੀਜ਼ਾ ਲਈ ਜ਼ਰੂਰੀ ਡੌਇਚ-1 ਟੈਸਟ ਦੀ ਰਿਪੋਰਟ ਵਿਚ ਕਹੀ ਗਈ ਹੈ। ਇਹ ਇਕ ਅਜਿਹਾ ਟੈਸਟ ਹੈ ਜਿਸ ਵਿਚ ਜਰਮਨ ਦੀ ਮੁੱਢਲੀ ਜਾਣਕਾਰੀ ਪੁੱਛੀ ਜਾਂਦੀ ਹੈ। ਜੇਕਰ ਕਿਸੇ ਨੂੰ ਵੀਜ਼ਾ ਚਾਹੀਦਾ ਹੁੰਦਾ ਹੈ ਤਾਂ ਉਸ ਨੂੰ ਗੈਰਪ੍ਰਵਾਸੀ ਵਿਭਾਗ ਵਿਚ ਇਸ ਦਾ ਸਰਟੀਫਿਕੇਟ ਜਮਾਂ ਕਰਵਾਉਣਾ ਪੈਂਦਾ ਹੈ। ਇਸ ਮਗਰੋਂ ਹੀ ਵੀਜ਼ਾ ਪ੍ਰਕਿਰਿਆ ਅੱਗੇ ਵੱਧਦੀ ਹੈ।

ਭਾਵੇਂਕਿ ਇਹ ਨਿਯਮ ਯੂਰਪੀ ਯੂਨੀਅਨ ਦੇ ਦੇਸ਼ਾਂ ਅਤੇ ਅਮਰੀਕੀ, ਇਜ਼ਰਾਈਲੀ ਲੋਕਾਂ 'ਤੇ ਲਾਗੂ ਨਹੀਂ ਹਨ।  ਸਰਕਾਰ ਵੱਲੋਂ ਸਾਲ 2018 ਵਿਚ ਜਾਰੀ ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬੀਤੇ ਸਾਲ 48,130 ਲੋਕਾਂ ਨੇ ਇਹ ਟੈਸਟ ਦਿੱਤਾ ਸੀ ਜਿਨ੍ਹਾਂ ਵਿਚੋਂ 16,200 ਲੋਕ ਫੇਲ ਹੋ ਗਏ। ਇਨ੍ਹਾਂ ਵਿਚ ਜ਼ਿਆਦਾਤਰ ਲੋਕ ਤੁਰਕੀ, ਰੂਸ, ਮੈਸੇਡੋਨੀਆ, ਕੋਸੋਵੋ, ਥਾਈਲੈਂਡ, ਵੀਅਤਨਾਮ ਅਤੇ ਇਰਾਕ ਤੋਂ ਸਨ। ਸਭ ਤੋਂ ਜ਼ਿਆਦਾ ਇਰਾਕੀ (50 ਫੀਸਦੀ) ਲੋਕ ਫੇਲ ਹੋਏ।

ਇਸ ਮਾਮਲੇ 'ਤੇ ਗੈਰ ਪ੍ਰਵਾਸੀ ਅਤੇ ਸ਼ਰਨਾਰਥੀ ਵਿਭਾਗ ਦਾ ਕਹਿਣਾ ਹੈ ਕਿ ਇਹ ਟੈਸਟ ਉਹੀ ਲੋਕ ਪਾਸ ਕਰ ਸਕਦੇ ਹਨ ਜਿਹੜੇ ਜਰਮਨ ਭਾਸ਼ਾ ਦੇ ਸਰਲ ਵਾਕ ਸਮਝ ਸਕਦੇ ਹਨ। ਨਾਲ ਹੀ ਜਰਮਨ ਭਾਸ਼ਾ ਵਿਚ ਖੁਦ ਦੇ ਬਾਰੇ ਦੱਸ ਸਕਦੇ ਹੋਣ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਇੰਨੀ ਜਰਮਨ ਭਾਸ਼ਾ ਆਉਣੀ ਚਾਹੀਦੀ ਹੈ ਕਿ ਉਹ ਬਾਜ਼ਾਰ ਵਿਚ ਖਰੀਦਦਾਰੀ ਕਰ ਸਕਣ। ਉਨ੍ਹਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਭਾਸ਼ਾ ਵਿਚ ਫਾਰਮ ਭਰ ਸਕਣ ਅਤੇ ਸਾਹਮਣੇ ਵਾਲੇ ਨੂੰ ਸਹੀ ਜਾਣਕਾਰੀ ਦੇ ਸਕਣ।

ਇਸ 'ਤੇ ਜਰਮਨ ਸਰਕਾਰ ਦੀ ਅਧਿਕਾਰੀ ਅਨੇਟੇ ਵਿਡਮਨ ਦਾ ਕਹਿਣਾ ਹੈ ਕਿ ਵਿਦੇਸ਼ੀ ਲੋਕਾਂ ਨੂੰ ਪਹਿਲਾਂ ਤੋਂ ਹੀ ਜਰਮਨ ਭਾਸ਼ਾ ਦਾ ਸਧਾਰਨ ਗਿਆਨ ਹੋਣਾ ਚਾਹੀਦਾ ਹੈ। ਤਾਂ ਜੋ ਉਹ ਇੱਥੇ ਆ ਕੇ ਲੋਕਾਂ ਨਾਲ ਘੁਲ ਮਿਲ ਸਕਣ। ਸਰਕਾਰ ਦੇ ਇਸ ਨਿਯਮ ਦਾ ਵਿਰੋਧੀ ਪਾਰਟੀਆਂ ਵਿਰੋਧ ਕਰ ਰਹੀਆਂ ਹਨ। ਉਨ੍ਹਾਂ ਮੁਤਾਬਕ ਇਹ ਇਕ ਅਵਿਵਹਾਰਿਕ ਸ਼ਰਤ ਹੈ। ਇਸ ਪਾਰਟੀ ਦੇ ਸਾਂਸਦ ਗਓਕੇ ਅਕਬੁਲੁਤ ਦਾ ਕਹਿਣਾ ਹੈ ਕਿ ਇਸ ਨਿਯਮ ਕਾਰਨ ਬਹੁਤ ਸਾਰੇ ਲੋਕ ਆਪਣੇ ਪਰਿਵਾਰ ਤੋਂ ਦੂਰ ਰਹਿਣ ਲਈ ਮਜਬੂਰ ਹਨ।


author

Vandana

Content Editor

Related News