ਜਰਮਨੀ : ਚਰਚ ''ਚ ਪ੍ਰਾਥਨਾ ਸਭਾ ਤੋਂ ਬਾਅਦ ਸਾਹਮਣੇ ਆਏ ਕੋਰੋਨਾ ਦੇ ਕਈ ਮਾਮਲੇ

05/23/2020 8:07:18 PM

ਬਰਲਿਨ - ਜਰਮਨੀ ਦੇ ਸ਼ਹਿਰ ਫ੍ਰੈਂਕਫਰਟ ਦੀ ਚਰਚ ਵਿਚ ਹੋਈ ਪ੍ਰਾਥਨਾ ਸਭਾ ਤੋਂ ਬਾਅਦ ਇਕ ਧਾਰਮਿਕ ਸਮੂਹ ਦੇ ਕਈ ਮੈਂਬਰ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਾਏ ਗਏ ਹਨ। ਇਲਾਕੇ ਦੇ ਇਕ ਨੇਤਾ ਨੇ ਇਹ ਜਾਣਕਾਰੀ ਦਿੱਤੀ। ਅਖਬਾਰ ਏਜੰਸੀ ਡੀ. ਪੀ. ਏ. ਨੇ ਸ਼ਨੀਵਾਰ ਨੂੰ ਖਬਰ ਦਿੱਤੀ ਕਿ ਇਸ ਸਭਾ ਵਿਚ ਸ਼ਾਮਲ ਹੋਏ ਧਾਰਮਿਕ ਸਮੂਹ ਇਵੇਂਜਲਿਕਲ ਮਸੀਹੀ ਬਪਤਿਸਮਾ ਦੇ ਉਪ ਪ੍ਰਮੁੱਖ ਵਲਾਦਿਮੀਰ ਪ੍ਰਿਟਜਕਾਓ ਨੇ ਕਿਹਾ ਕਿ ਇਹ ਪ੍ਰਾਥਨਾ ਸਭਾ 10 ਮਈ ਨੂੰ ਹੋਈ ਸੀ। ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿੰਨੇ ਲੋਕ ਪ੍ਰਭਾਵਿਤ ਹੋਏ ਪਰ ਕਿਹਾ ਕਿ ਜ਼ਿਆਦਾਤਰ ਲੋਕ ਘਰ ਹਨ ਅਤੇ 6 ਹਸਪਤਾਲ ਵਿਚ ਦਾਖਲ ਹਨ।

ਖੇਤਰ ਵਿਚ 1 ਮਈ ਤੋਂ ਧਾਰਮਿਕ ਪ੍ਰਾਥਨਾ ਸਭਾਵਾਂ ਦੀ ਇਜਾਜ਼ਤ ਦਿੱਤੀ ਸੀ ਪਰ ਸ਼ਰਤ ਸੀ ਕਿ ਸ਼ਰਧਾਲੂਆਂ ਵਿਚਾਲੇ ਡੇਢ ਮੀਟਰ ਦੀ ਦੂਰੀ ਹੋਵੇਗੀ ਅਤੇ ਵਾਇਰਸ ਖਤਮ ਕਰਨ ਵਾਲੀ ਦਵਾਈ ਦਾ ਛਿੜਕਾਅ ਹੋਵੇਗਾ। ਪ੍ਰਿਟਜਕਾਓ ਨੇ ਕਿਹਾ ਕਿ ਨਿਯਮਾਂ ਦਾ ਪਾਲਣ ਕੀਤਾ ਗਿਆ ਸੀ। ਚਰਚ ਨੇ ਸਾਰੀਆਂ ਸਭਾਵਾਂ ਰੱਦ ਕਰ ਦਿੱਤੀਆਂ ਹਨ ਅਤੇ ਹੁਣ ਆਨਲਾਈਨ ਸਭਾਵਾਂ ਕਰ ਰਹੀ ਹੈ। ਸਹਿਰ ਦੇ ਸਿਹਤ ਵਿਭਾਗ ਦੇ ਪ੍ਰਮੁੱਖ ਨੇ ਡਾਕਟਰੀ ਗੁਪਤਤਾ ਦਾ ਹਵਾਲਾ ਦਿੰਦੇ ਹੋਏ ਕਿਸੇ ਮਾਮਲੇ ਦੀ ਪੁਸ਼ਟੀ ਜਾਂ ਉਸ ਤੋਂ ਇਨਕਾਰ ਨਹੀਂ ਕੀਤਾ ਹੈ। ਦੱਸ ਦਈਏ ਕਿ ਜਰਮਨੀ ਨੇ ਕੋਰੋਨਾ 'ਤੇ ਕਾਬੂ ਪਾਉਣ ਲਈ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਸਨ ਪਰ ਹੌਲੀ-ਹੌਲੀ ਇਨ੍ਹਾਂ ਵਿਚ ਢਿੱਲ ਦਿੱਤੀ ਗਈ ਹੈ। ਉਥੇ ਹੀ ਜਰਮਨੀ ਵਿਚ ਹੁਣ ਤੱਕ ਕੋਰੋਨਾਵਾਇਰਸ ਦੇ 1,79,758 ਮਾਮਲੇ ਸਾਹਮਣੇ ਆ ਚੁੱਕੇ, ਜਿਨ੍ਹਾਂ ਵਿਚੋਂ 1,59,900 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ  ਲੋਕਾਂ ਦੀ ਜਾਨ ਜਾ ਚੁੱਕੀ ਹੈ।


Khushdeep Jassi

Content Editor

Related News