ਜਨਰਲ ਮੋਟਰਜ਼ ਨੇ 2035 ਤੱਕ ਵੱਡੇ ਪੱਧਰ ''ਤੇ ਇਲੈਕਟ੍ਰਿਕ ਵਾਹਨ ਬਣਾਉਣ ਦਾ ਮਿੱਥਿਆ ਟੀਚਾ

01/30/2021 4:25:46 PM

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਦੀ ਵਾਹਨ ਨਿਰਮਾਤਾ ਕੰਪਨੀ ਜਨਰਲ ਮੋਟਰਜ਼( ਜੀ. ਐੱਮ.) ਦੀ ਸੀ. ਈ. ਓ. ਮੈਰੀ ਬੈਰਾ ਨੇ ਵੀਰਵਾਰ ਨੂੰ ਐਲਾਨ ਕਰਦਿਆਂ ਜਾਣਕਾਰੀ ਦਿੱਤੀ ਕਿ ਕੰਪਨੀ ਨੇ ਅਗਲੇ 14 ਸਾਲਾ ਵਿਚ ਗੈਸੋਲੀਨ ਜਾਂ ਡੀਜ਼ਲ 'ਤੇ ਚੱਲਣ ਵਾਲੇ ਵਾਹਨ ਬੰਦ ਕਰਕੇ 2035 ਤੱਕ ਇਲੈਕਟ੍ਰਿਕ ਵਾਹਨਾਂ ਨੂੰ ਬਹੁਗਿਣਤੀ ਵਿਚ ਨਿਰਮਾਣ ਕਰਨ  ਦਾ ਟੀਚਾ ਨਿਰਧਾਰਤ ਕੀਤਾ ਹੈ। 

ਇਸ ਸੰਬੰਧੀ ਜੀ. ਐੱਮ. ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਉਹ ਅਗਲੇ ਪੰਜ ਸਾਲਾਂ ਵਿਚ ਇਲੈਕਟ੍ਰਿਕ ਅਤੇ ਸੈਲਫ ਡਰਾਈਵ ਵਾਹਨਾਂ ਵਿਚ 27 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਇਸ ਦੇ ਇਲਾਵਾ ਕੰਪਨੀ ਇਸ ਦਹਾਕੇ ਦੇ ਅੱਧ ਤੱਕ ਵਿਸ਼ਵ ਭਰ ਵਿਚ 30 ਇਲੈਕਟ੍ਰਿਕ ਮਾਡਲਾਂ ਦੀ ਪੇਸ਼ਕਸ਼ ਕਰੇਗੀ ਅਤੇ  2025 ਦੇ ਅੰਤ ਤੱਕ, ਇਸ ਦੇ ਯੂ .ਐੱਸ. ਵਿਚਲੇ 40 ਫ਼ੀਸਦੀ ਮਾਡਲ ਬੈਟਰੀ ਨਾਲ ਚੱਲਣ ਵਾਲੇ ਇਲੈਕਟ੍ਰਿਕ ਵਾਹਨ ਹੋਣਗੇ। 

ਕੰਪਨੀ ਨੇ ਆਪਣੀ ਇਲੈਕਟ੍ਰਿਕ ਵਾਹਨ ਯੋਜਨਾ ਵਿਚ ਕ੍ਰਾਸਓਵਰ, ਐੱਸ. ਯੂ. ਵੀ., ਸੇਡਾਨ ਅਤੇ ਲਾਈਟ ਟਰੱਕ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ ਜਦਕਿ ਇਸ ਵਿਚ ਹੈਵੀ ਡਿਊਟੀ ਵਾਲੇ ਵਾਹਨ ਜਿਵੇਂ ਕਿ ਵਪਾਰਕ ਟਰੱਕ ਆਦਿ ਸ਼ਾਮਿਲ ਨਹੀਂ ਹਨ। ਇਸ ਦੇ ਇਲਾਵਾ ਕੰਪਨੀ ਦਾ ਨਿਸ਼ਾਨਾ 14 ਸਾਲਾਂ ਦੇ ਅੰਦਰ  ਵੱਖ-ਵੱਖ ਕੀਮਤਾਂ ਦੀ ਰੇਂਜ ਵਿਚ ਜ਼ੀਰੋ-ਨਿਕਾਸੀ ਵਾਹਨਾਂ ਦੀ ਪੇਸ਼ਕਸ਼ ਕਰਨ 'ਤੇ ਆਪਣਾ ਧਿਆਨ ਕੇਂਦਰਿਤ ਕਰਨਾ ਹੈ। ਤਕਰੀਬਨ 112 ਸਾਲ ਪੁਰਾਣੀ ਆਟੋ ਕੰਪਨੀ ਨੇ ਆਪਣੀ ਨਵੀਂ ਯੋਜਨਾ ਨੂੰ ਦਰਸਾਉਣ ਲਈ ਇਸ ਮਹੀਨੇ ਇਕ ਨਵੇਂ ਕਾਰਪੋਰੇਟ ਲੋਗੋ ਨੂੰ ਵੀ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ  ਨੇ ਇਲੈਕਟ੍ਰਿਕ, ਸਵੈ-ਡ੍ਰਾਇਵਿੰਗ ਕਾਰਾਂ ਦੇ ਰੋਲਆਉਟ ਨੂੰ ਤੇਜ਼ ਕਰਨ ਦੀ ਉਮੀਦ ਨਾਲ ਇਸ ਮਹੀਨੇ ਮਾਈਕਰੋਸਾਫਟ ਨਾਲ ਇਕ ਨਵੀਂ ਭਾਈਵਾਲੀ ਦੀ ਵੀ ਘੋਸ਼ਣਾ ਕੀਤੀ ਹੈ।


Lalita Mam

Content Editor

Related News