ਈਰਾਨ ਲਈ ਜੀ-7 ਦੇ ਸੰਯੁਕਤ ਸੰਦੇਸ਼ ''ਤੇ ਚਰਚਾ ਨਹੀਂ ਕੀਤੀ : ਟਰੰਪ
Sunday, Aug 25, 2019 - 11:59 PM (IST)

ਬਿਆਰਿਤਜ਼ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ 'ਤੇ ਉਸ ਦੇ ਲਈ ਜੀ-7 ਦੇ ਸੰਯੁਕਤ ਸੰਦੇਸ਼ 'ਤੇ ਚਰਚਾ ਕਰਨ ਦੀ ਗੱਲ ਤੋਂ ਐਤਵਾਰ ਨੂੰ ਸਾਫ ਇਨਕਾਰ ਕਰ ਦਿੱਤਾ। ਟਰੰਪ ਨੇ ਫਰਾਂਸ ਦੇ ਸਮੁੰਦਰੀ ਤੱਟੀ ਦੱਖਣ-ਪੱਛਮੀ ਸ਼ਹਿਰ ਬਿਆਰਿਤਜ਼ 'ਚ ਜੀ-7 ਸੰਮੇਲਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ, ਨਹੀਂ ਮੈਂ ਉਸ 'ਤੇ ਚਰਚਾ ਨਹੀਂ ਕੀਤੀ। ਟਰੰਪ ਦਾ ਇਹ ਬਿਆਨ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਦੇ ਉਸ ਦਾਅਵੇ ਦੇ ਉਲਟ ਹੈ ਜਿਸ 'ਚ ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਕਿਹਾ ਸੀ ਕਿ ਈਰਾਨ ਨੂੰ ਕੀ ਕੀਹਣਾ ਹੈ ਇਸ 'ਤੇ ਜੀ-7 ਦੇਸ਼ ਸਹਿਮਤ ਹੋ ਗਏ ਹਨ।
ਟਰੰਪ ਨੇ ਕਿਹਾ ਕਿ ਅਸੀਂ ਆਪਣੇ ਵੱਲੋਂ ਅੱਗੇ ਵਧਾਂਗੇ ਪਰ ਤੁਹਾਨੂੰ ਲੋਕਾਂ ਨੂੰ ਗੱਲਾਂ ਕਰਨ ਤੋਂ ਨਹੀਂ ਰੋਕ ਸਕਦੇ। ਜੇਕਰ ਉਹ ਗੱਲ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ 2015 'ਚ ਪੱਛਮੀ ਦੇਸ਼ਾਂ ਅਤੇ ਈਰਾਨ ਵਿਚਾਲੇ ਇਕ ਪ੍ਰਮਾਣੂ ਸਮਝੌਤਾ ਹੋਇਆ ਸੀ ਪਰ ਪਿਛਲੇ ਸਾਲ ਅਮਰੀਕਾ ਇਕ ਪਾਸੜ ਤਰੀਕੇ ਨਾਲ ਇਸ ਤੋਂ ਵੱਖ ਹੋ ਗਿਆ ਅਤੇ ਈਰਾਨ ਦੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਪਾਬੰਦੀਆਂ ਲਾ ਦਿੱਤੀਆਂ। ਇਕ ਕੂਟਨੀਤਕ ਸੂਤਰ ਨੇ ਦੱਸਿਆ ਕਿ ਜੀ-7 ਨੇਤਾ ਈਰਾਨ ਨੂੰ ਇਕ ਸੰਦੇਸ਼ ਭੇਜਣ ਦੀ ਜ਼ਿੰਮੇਵਾਰੀ ਮੈਕਰੋਨ ਨੂੰ ਸੌਂਪਣ ਲਈ ਸਹਿਮਤ ਹੋ ਗਏ ਹਨ। ਸੂਤਰ ਨੇ ਦੱਸਿਆ ਕਿ ਖੇਤਰ 'ਚ ਤਣਾਅ ਦੂਰ ਕਰਨ ਲਈ ਮੈਕਰੋਨ ਨੂੰ ਈਰਾਨ ਨਾਲ ਗੱਲਬਾਤ ਕਰਨ ਅਤੇ ਸੰਦੇਸ਼ ਦੇਣ ਦਾ ਅਧਿਕਾਰ ਸੌਂਪਿਆ ਗਿਆ ਹੈ।