ਫੁਮਿਓ ਕਿਸ਼ਿਦਾ ਬਣੇ ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ

Monday, Oct 04, 2021 - 06:01 PM (IST)

ਇੰਟਰਨੈਸ਼ਨਲ ਡੈਸਕ : ਜਾਪਾਨ ਦੀ ਸੰਸਦ ਨੇ ਸੋਮਵਾਰ ਸਾਬਕਾ ਵਿਦੇਸ਼ ਮੰਤਰੀ ਫੁਮਿਓ ਕਿਸ਼ਿਦਾ ਨੂੰ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਚੁਣਿਆ। ਕਿਸ਼ਿਦਾ ’ਤੇ ਆਉਣ ਵਾਲੀਆਂ ਰਾਸ਼ਟਰੀ ਚੋਣਾਂ ਤੋਂ ਪਹਿਲਾਂ ਕੋਰੋਨਾ ਵਾਇਰਸ ਮਹਾਮਾਰੀ ਅਤੇ ਸੁਰੱਖਿਆ ਚੁਣੌਤੀਆਂ ਨਾਲ ਤੇਜ਼ੀ ਨਾਲ ਨਜਿੱਠਣ ਦੀ ਚੁਣੌਤੀ ਹੈ। ਕਿਸ਼ਿਦਾ ਨੇ ਯੋਸ਼ੀਹਿਦੇ ਸੁਗਾ ਦੀ ਜਗ੍ਹਾ ਲਈ। ਸੁਗਾ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੇ ਪਿਛਲੇ ਦਿਨੀਂ ਅਸਤੀਫਾ ਦੇ ਦਿੱਤਾ ਸੀ। ਸੁਗਾ ਨੇ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੇ ਤਰੀਕਿਆਂ ਅਤੇ ਲਾਗ ਦੇ ਬਾਵਜੂਦ ਓਲੰਪਿਕ ਖੇਡਾਂ ਦੇ ਆਯੋਜਨ ’ਤੇ ਅੜੇ ਰਹਿਣ ਕਾਰਨ ਹਰਮਨਪਿਆਰਤਾ ’ਚ ਕਮੀ ਆਉਣ ਕਾਰਨ ਸਿਰਫ ਇਕ ਸਾਲ ਅਹੁਦੇ ’ਤੇ ਰਹਿਣ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ। ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਕਿਸ਼ਿਦਾ ਨੇ ਪਿਛਲੇ ਹਫ਼ਤੇ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਵਜੋਂ ਚੋਣ ਜਿੱਤੀ ਸੀ।

ਕਿਸ਼ਿਦਾ ਨੇ ਪਾਰਟੀ ਦੇ ਨੇਤਾ ਅਹੁਦੇ ਦੇ ਮੁਕਾਬਲੇ ’ਚ ਹਰਮਨਪਿਆਰੇ ਟੀਕਾਕਰਨ ਮੰਤਰੀ ਤਾਰੋ ਕੋਨੋ ਨੂੰ ਹਰਾਇਆ ਸੀ। ਉਨ੍ਹਾਂ ਨੇ ਪਹਿਲੇ ਪੜਾਅ ਦੀ ਚੋਣ ’ਚ ਦੋ ਮਹਿਲਾ ਉਮੀਦਵਾਰਾਂ ਸਨਾ ਤਕਾਇਚੀ ਅਤੇ ਸੀਕੋ ਨੋਡਾ ਨੂੰ ਹਰਾਇਆ ਸੀ। ਉਨ੍ਹਾਂ ਦੀ ਜਿੱਤ ਨੇ ਦਿਖਾਇਆ ਕਿ ਕਿਸ਼ਿਦਾ ਨੂੰ ਉਨ੍ਹਾਂ ਦੇ ਪਾਰਟੀ ਦੇ ਸਾਬਕਾ ਨੇਤਾਵਾਂ ਦਾ ਸਮਰਥਨ ਪ੍ਰਾਪਤ ਸੀ, ਜਿਨ੍ਹਾਂ ਨੇ ਕੋਨੋ ਵੱਲੋਂ ਸਮਰਥਿਤ ਤਬਦੀਲੀ ਦੀ ਬਜਾਏ ਸਥਿਰਤਾ ਨੂੰ ਚੁਣਿਆ। ਕੋਨੋ ਨੂੰ ਇਕ ਸੁਤੰਤਰ ਸੋਚ ਵਾਲੇ ਵਿਅਕਤੀ ਵਜੋਂ ਜਾਣਿਆ ਜਾਂਦਾ ਹੈ। ਕਿਸ਼ਿਦਾ ਨੂੰ ਇਕ ਸ਼ਾਂਤ ਉਦਾਰਵਾਦੀ ਵਜੋਂ ਜਾਣਿਆ ਜਾਂਦਾ ਸੀ ਪਰ ਪਾਰਟੀ ’ਚ ਪ੍ਰਭਾਵਸ਼ਾਲੀ ਰੂੜੀਵਾਦੀ ਲੋਕਾਂ ਦਾ ਸਮਰਥਨ ਹਾਸਲ ਕਰਨ ਲਈ ਉਨ੍ਹਾਂ ਨੇ ਇਕ ਹਮਲਾਵਰ ਨੇਤਾ ਦਾ ਅਕਸ ਬਣਾਇਆ।


Manoj

Content Editor

Related News