ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੀ ਇੱਕਤਰਤਾ ਨੂੰ ਸੰਗਤਾਂ ਦਾ ਭਰਵਾਂ ਹੁੰਗਾਰਾ
Sunday, Sep 19, 2021 - 01:12 PM (IST)
ਮਿਲਾਨ/ਇਟਲੀ (ਸਾਬੀ ਚੀਨੀਆ) ਇਟਲੀ ਵਿਚ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਲੱਗੇ ਹੋਏ ਕੇਸ ਦੀ ਪੈਰਵਾਈ ਕਰ ਰਹੀ ਜਥੇਬੰਦੀ "ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਦੇ ਆਗੂਆਂ ਦੀ ਗੁਰਦੁਆਰਾ ਸਿੰਘ ਸਭਾ ਸਬੋਧੀਆ (ਲਾਤੀਨਾ) ਵਿਖੇ ਹੋਈ ਭਰਵੀਂ ਇਕੱਤਰਤਾ ਨੂੰ ਸਿੱਖ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਜਥੇਬੰਦੀ ਦੇ ਪ੍ਰਧਾਨ ਰਵਿੰਰਜੀਤ ਸਿੰਘ ਬੁਲਜਾਨੋ ਨੇ ਦੱਸਿਆ ਕਿ ਸੰਸਥਾ ਵਲੋਂ ਇਸ ਤੋਂ ਪਹਿਲਾਂ ਵੀ ਉੱਤਰੀ ਇਟਲੀ ਵਿਚ ਬਹੁਤ ਸਾਰੀਆਂ ਮੀਟਿੰਗਾ ਹੋ ਚੁੱਕੀਆਂ ਹਨ ਪਰ ਸੈਂਟਰ ਅਤੇ ਖਾਸ ਕਰਕੇ ਦੱਖਣੀ ਇਟਲੀ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਨੂੰ ਇਟਲੀ ਸਰਕਾਰ ਕੌਲ ਲੱਗੇ ਹੋਏ ਕੇਸ ਤੋਂ ਜਾਣੂ ਕਰਵਾਓੁਣ ਲਈ ਇਹ ਅਹਿਮ ਇਕੱਠ ਰੱਖਿਆ ਸੀ।
ਇਸ ਵਿੱਚ ਲਗਭਗ ਦੱਖਣੀ ਅਤੇ ਸੈਂਟਰ ਇਟਲੀ ਦੇ ਸਮੁਹ ਗੁਰਦੁਆਰਿਆਂ ਦੇ ਪ੍ਰਬੰਧਕਾ ਨੇ ਹਿੱਸਾ ਲੈ ਕੇ ਆਪੋ ਆਪਣੇ ਵਿਚਾਰ ਤੇ ਸੁਝਾਅ ਪੇਸ਼ ਕੀਤੇ। ਕੇਸ ਸਬੰਧੀ ਗੱਲਬਾਤ ਕਰਦਿਆਂ ਮੌਜੂਦਾ ਸਿੱਖ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਟਲੀ ਸਰਕਾਰ ਕੋਲ ਦਰਜ ਕਰਵਾਇਆ ਕੇਸ ਬੜੀ ਮਜ਼ਬੂਤ ਸਥਿਤੀ ਵਿੱਚ ਹੈ ਲੋੜੀਂਦੇ ਸਾਰੇ ਪੇਪਰ ਸਬੰਧਤ ਵਿਭਾਗ ਨੂੰ ਭੇਜੇ ਜਾ ਚੁੱਕੇ ਹਨ।ਆਉਂਦੇ ਵਿਚ ਸਮੇਂ ਵਿੱਚ ਇਟਲੀ ਸਰਕਾਰ ਸਿੱਖਾਂ ਵਲੋਂ ਧਰਮ ਨੂੰ ਕਾਨੂੰਨੀ ਮਾਨਤਾ ਦਿਵਾਓੁਣ ਵਾਲੇ ਮਾਮਲੇ 'ਤੇ ਵਿਚਾਰ ਕਰਕੇ ਕੋਈ ਅਹਿਮ ਖੁਸ਼ਖਬਰੀ ਸਿੱਖ ਸੰਗਤਾਂ ਦੀ ਝੋਲੀ ਪਾ ਸਕਦੀ ਹੈ। ਦੱਸਣਯੋਗ ਹੈ ਕਿ ਜੇ ਇਟਲੀ ਵਿਚ ਸਿੱਖ ਧਰਮ ਨੂੰ ਕਾਨੂੰਨੀ ਤੌਰ 'ਤੇ ਮਾਨਤਾ ਮਿਲ ਜਾਂਦੀ ਹੈ ਤਾਂ ਇੱਥੇ ਸ੍ਰੀ ਸਾਹਿਬ ਪਹਿਨਣ ਅਤੇ ਮੋਟਰਸਾਈਕਲ ਚਲਾਉਂਦੇ ਸਮੇਂ ਸਿਰ 'ਤੇ ਹੈਲਮੈਟ ਲੈਣ ਤੋਂ ਵੀ ਨਿਜਾਤ ਮਿਲ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- SpaceX : 3 ਦਿਨ ਤੱਕ ਪੁਲਾੜ ਦੀ ਸੈਰ ਕਰ ਕੇ ਧਰਤੀ 'ਤੇ ਪਰਤੇ ਪੁਲਾੜ ਯਾਤਰੀ
ਇਸ ਮੌਕੇ ਆਈਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਕਰਮਜੀਤ ਸਿੰਘ ਢਿੱਲੋ, ਸੁਰਿੰਦਰਜੀਤ ਸਿੰਘ ਪੰਡੋਰੀ 'ਸੁਖਦੇਵ ਸਿੰਘ ਕੰਗ, ਬਾਬਾ ਬਲਬੀਰ ਸਿੰਘ, ਮਨਜੀਤ ਸਿੰਘ ਜੱਸੋਮਜਾਰਾ, ਸੁਰਿੰਦਰ ਸਿੰਘ ਵਿਲੈਤਰੀ ਸਮੇਤ ਆਏ ਹੋਏ ਬਹੁਤ ਸਾਰੇ ਪ੍ਰਬੰਧਕਾਂ ਵੱਲੋਂ ਆਪਣੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਟਲੀ ਦੀਆਂ ਸਿੱਖ ਸੰਗਤਾਂ ਵੱਲੋਂ ਲਗਭਗ ਪਿਛਲੇ ਦੋ ਦਹਾਕਿਆਂ ਤੋਂ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਸਿੱਖਾਂ ਵੱਲੋਂ ਲਾਏ ਕੇਸ 'ਤੇ ਜਿੱਥੇ ਇਟਲੀ ਸਰਕਾਰ ਬੜੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਉੱਥੇ ਦੇਸ਼ ਦੇ ਸੰਵਿਧਾਨ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਵੀ ਧਿਆਨ ਵਿਚ ਰੱਖਿਆ ਜਾ ਰਿਹਾ ਹੈ।