ਕਵਾਡ ਮੀਟਿੰਗ ਨਾਲ ਘਾਬਰਿਆ ਚੀਨ, ਭਾਰਤ ਦੀ ਪਕੜ ਮਜ਼ਬੂਤ

10/11/2020 10:48:32 AM

ਪੇਈਚਿੰਗ- ਕਵਾਡ ਦੇਸ਼ਾਂ ਭਾਰਤ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੀ ਮੀਟਿੰਗ ਨਾਲ ਚੀਨ ਘਾਬਰ ਗਿਆ ਹੈ ਪਰ ਇਸ ਦੌਰਾਨ ਭਾਰਤ ਦੀ ਪਕੜ ਮਜ਼ਬੂਤ ਹੋਈ ਹੈ। ਚੀਨੀ ਵਿਦੇਸ਼ ਮੰਤਰਾਲਾ ਦੀ ਬੁਲਾਰਣ ਹੁਆ ਚੁਨਯਿੰਗ ਨੇ ਚਾਰਾਂ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ‘ਵਿਸ਼ੇਸ਼ ਸਮੂਹ’ ਨਾ ਬਣਾਉਣ, ਜਿਸ ਨਾਲ ਤੀਸਰੀ ਧਿਰ ਦੇ ਹਿੱਤਾਂ ਨੂੰ ਖਤਰਾ ਹੋਵੇ।

ਚੀਨੇ ਵਿਸ਼ੇਸ਼ ਤੌਰ ’ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਵੀ ਨਿਸ਼ਾਨੇ ’ਤੇ ਲਿਆ। ਸੰਕੇਤ ਦਿੱਤਾ ਕਿ ਚੀਨ ਦੇ ਸਵਾਲ ’ਤੇ ਕਵਾਡ ਵੰਡਿਆ ਹੋਇਆ ਹੈ। ਚੁਨਯਿੰਗ ਨੇ ਕਿਹਾ ਕਿ ਪੋਂਪੀਓ ਨੇ ਚੀਨ ਬਾਰੇ ਵਾਰ-ਵਾਰ ਝੂਠ ਬੋਲਿਆ ਹੈ ਅਤੇ ਸਿਆਸੀ ਟਕਰਾਅ ਪੈਦਾ ਕੀਤਾ ਹੈ।

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ‘ਨਿਯਮਾਂ ’ਤੇ ਆਧਾਰਿਤ ਕੌਮਾਂਤਰੀ ਪ੍ਰਬੰਧ ਨੂੰ ਬਣਾਏ ਰੱਖਣ’ ਦੇ ਮਹੱਤਵ ’ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਕਿਹਾ ਕਿ ਕਵਾਡ ਗਰੁੱਪ ਮਹੱਤਵਪੂਰਨ ਰੂਪ ਨਾਲ ਵਿਕਸਤ ਹੋ ਗਿਆ ਹੈ। ਪੋਂਪੀਓ ਨਾਲ ਆਪਣੀ ਮੀਟਿੰਗ ’ਚ ਜਾਪਾਨ ਨੇ ਪੂਰਬੀ ਚੀਨ ਸਾਗਰ ’ਚ ਸੇਨਕਾਕੂ/ਦਿਆਓਯੂ ਆਈਲੈਂਡਸ ਦੇ ਨਾਲ-ਨਾਲ ਚੀਨ ਦੇ ਦੱਖਣ ਚੀਨ ਸਾਗਰ ’ਚ ਸੰਘਰਸ਼ ਸਬੰਧੀ ਮੁੱਦੇ ਵੀ ਉਠਾਏ।

ਉੱਥੇ ਹੀ, ਗਲੋਬਲ ਟਾਈਮਜ਼ ਨੇ ਇਹ ਝੂਠ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਸੰਮੇਲਨ ਦੌਰਾਨ ਅਮਰੀਕਾ ਆਪਣੇ ਚੀਨ ਵਿਰੋਧੀ ਰੁਖ਼ ਸਬੰਧੀ ਵੰਡਿਆ ਗਿਆ ਸੀ। ਇਸੇ ਤਰ੍ਹਾਂ ਦੀ ਗੱਲ ਨੂੰ ਦੁਹਰਾਉਂਦੇ ਹੋਏ ‘ਸਾਈਨਾ ਡਾਟ ਕਾਮ ਡਾਟ ਸੀ. ਐੱਨ’ ਵੈੱਬਸਾਈਟ ਨੇ ਐਸੋਸੀਏਟਿਡ ਪ੍ਰੈੱਸ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪੋਂਪੀਓ ਇਕਮਾਤਰ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੇ ਕਵਾਡ ਦੇ ਸ਼ੁਰੂਆਤੀ ਭਾਸ਼ਣ ’ਚ ਸਪੱਸ਼ਟ ਤੌਰ ’ਤੇ ਚੀਨ ਦੀ ਆਲੋਚਨਾ ਕੀਤੀ ਸੀ। ਇਨ੍ਹਾਂ ਸਾਰੇ ਬਿਆਨਾਂ ਦੇ ਬਾਵਜੂਦ ਚੀਨ ਚਿੰਤਤ ਨਜ਼ਰ ਆ ਰਿਹਾ ਹੈ।


 


Lalita Mam

Content Editor

Related News