ਫਰਿਜ਼ਨੋ ''ਚ ਲੋਹੜੀ ਅਤੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਈਆਂ ਗਈਆਂ

Tuesday, Jan 15, 2019 - 03:28 PM (IST)

ਫਰਿਜ਼ਨੋ ''ਚ ਲੋਹੜੀ ਅਤੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਈਆਂ ਗਈਆਂ

ਫਰਿਜ਼ਨੋ (ਨੀਟਾ ਮਾਛੀਕੇ)— ਬੇਸ਼ੱਕ ਸਮੇਂ ਦੇ ਬਦਲਣ ਨਾਲ ਪੰਜਾਬ ਅੰਦਰ ਬਹੁਤੇ ਤਿਉਹਾਰ ਦਿਖਾਵੇ ਲਈ ਹੀ ਰਹਿ ਗਏ ਹਨ ਪਰ ਬਹੁਤ ਸਾਰੇ ਲੋਕ ਅੱਜ ਵੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਆਪਣੇ ਸੱਭਿਆਚਾਰ ਨਾਲ ਜੁੜੇ ਰਹਿਣ। ਭਾਰਤ ਸਮੇਤ ਵਿਦੇਸ਼ਾਂ 'ਚ ਰਹਿੰਦੇ ਲੋਕਾਂ ਨੇ ਲੋਹੜੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ। ਲੋਹੜੀ ਦੇ ਨਾਲ-ਨਾਲ ਇਥੋਂ ਦੇ ਸਮੂਹ ਗੁਰਦੁਆਰਿਆਂ 'ਚ ਮਾਘ ਦੇ ਮਹੀਨੇ ਦੀ ਸ਼ੁਰੂਆਤ ਅਤੇ ਸਿੱਖ ਇਤਿਹਾਸ ਨਾਲ ਸੰਬੰਧਤ ਚਾਲੀ ਮੁਕਤਿਆਂ ਦੀ ਯਾਦ 'ਚ ਵੀ ਵਿਸ਼ੇਸ਼ ਸਮਾਗਮ ਸਿਲਮਾ, ਬੇਕਰਸਫੀਲਡ, ਸਨਵਾਕੀਨ, ਕਰਮਨ ਅਤੇ ਫਰਿਜ਼ਨੋ ਆਦਿਕ ਸ਼ਹਿਰਾਂ ਵਿਖੇ ਕੀਤੇ ਗਏ। ਇਸ ਦੌਰਾਨ ਮਹਾਨ ਕੀਰਤਨ ਦੀਵਾਨ ਸਜੇ।


ਇਸੇ ਲੜੀ ਅਧੀਨ 'ਗੁਰੂ ਰਵਿਦਾਸ ਟੈਂਪਲ ਚੈਰੀ ਐਵਨਿਊ ਫਰਿਜ਼ਨੋ' ਵਿਖੇ ਸਥਾਨਕ ਭਾਈ ਰਾਮ ਸਿੰਘ ਜੀ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਸਰਵਨ ਕਰਵਾਈ। ਇਸ ਤੋਂ ਇਲਾਵਾ ਹੋਰ ਵੱਖਰੇ-ਵੱਖਰੇ ਬੁਲਾਰਿਆਂ ਨੇ ਵੀ ਹਾਜ਼ਰੀ ਭਰੀ। ਇਸ ਤਰ੍ਹਾਂ ਸਮਾਪਤੀ ਦੌਰਾਨ ਅੱਗ ਦੇ ਧੂਣੇ ਲਾਏ ਗਏ ਸਨ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਲੋਹੜੀ ਦੇ ਪਰੰਪਰਾਗਤ ਜਸ਼ਨਾਂ ਤੋਂ ਇਲਾਵਾ ਵਿਸ਼ੇਸ਼ ਧਾਰਮਿਕ ਸਮਾਗਮ ਵੀ ਹੋਏ ਜਿਨ੍ਹਾਂ ਵਿੱਚ ਸਮੂਹ ਭਾਈਚਾਰੇ ਨੇ ਰਲ-ਮਿਲ ਕੇ ਆਨੰਦ ਮਾਣਿਆ। 
ਕੈਲੀਫੋਰਨੀਆ 'ਚ ਲੋਕਾਂ ਨੇ ਗੁਰਦੁਆਰਿਆਂ ਅਤੇ ਮੰਦਰਾਂ ਵਿੱਚ ਸਰਕਾਰੀ ਪ੍ਰਵਾਨਗੀ ਲੈਂਦੇ ਹੋਏ ਲੋਹੜੀ ਦੇ ਵੱਡੇ-ਵੱਡੇ ਧੂਣੇ ਲਾਏੇ । ਇਸ ਤਿਉਹਾਰ ਨੂੰ ਸਭਨਾਂ ਨੇ ਰੱਜ ਕੇ ਮਾਣਿਆ। ਪੰਜਾਬ ਵਾਂਗ ਇੱਥੇ ਵੀ ਕਈ ਤਰ੍ਹਾਂ ਦੀਆਂ ਮਿਠਾਈਆਂ, ਰਿਓੜੀਆਂ, ਗੱਚਕ ਅਤੇ ਮੂੰਗਫਲੀ ਆਦਿਕ ਦੇ ਲੰਗਰ ਸਜੇ। ਖਾਸ ਗੱਲ ਇਹ ਰਹੀ ਕਿ ਗੋਰਿਆਂ ਨੇ ਵੀ ਇਸ 'ਚ ਹਿੱਸਾ ਲਿਆ।  ਅੰਤ ਇਹ ਸਾਰੇ ਸਮਾਗਮ ਲੋਹੜੀ ਦੇ ਬਲਦੇ ਧੂਣਿਆਂ ਨਾਲ ਬੁਰਾਈ ਦੇ ਖਾਤਮੇ ਦਾ ਸੁਨੇਹਾ ਦਿੰਦੇ ਹੋਏ, ਆਪਣੇ ਪਿਆਰ ਦੀਆਂ ਨਿੱਘੀਆਂ ਯਾਦਾਂ ਛੱਡ ਗਏ।


Related News