ਫਰਿਜ਼ਨੋ ''ਚ ਆਪਸੀ ਝਗੜੇ ਨੇ ਲਈ ਇਕ ਵਿਅਕਤੀ ਦੀ ਜਾਨ
Monday, Oct 26, 2020 - 05:22 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਹਰ ਸਾਲ ਲੋਕਾਂ ਵਿਚਲੇ ਆਪਸੀ ਝਗੜੇ ਦਰਜ ਕੀਤੇ ਜਾਂਦੇ ਹਨ। ਕਈ ਵਾਰ ਇਹ ਝਗੜੇ ਇੰਨੇ ਹਿੰਸਕ ਹੋ ਜਾਂਦੇ ਹਨ ਕਿ ਕਿਸੇ ਇਕ ਦੀ ਮੌਤ ਨਾਲ ਖਤਮ ਹੁੰਦੇ ਹਨ। ਅਜਿਹੀ ਹੀ ਇਕ ਘਟਨਾ ਫਰਿਜ਼ਨੋ ਵਿਚ ਵਾਪਰੀ ਹੈ, ਜਿੱਥੇ ਇਕ ਵਿਅਕਤੀ ਨੇ ਆਪਸੀ ਰੰਜਸ਼ ਦੇ ਚਲਦਿਆਂ ਦੂਜੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ।
ਪੁਲਸ ਅਨੁਸਾਰ ਉੱਤਰ ਪੂਰਬੀ ਫਰਿਜ਼ਨੋ ਵਿਚ ਲਗਭਗ ਪਿਛਲੇ ਇਕ ਸਾਲ ਤੋਂ ਚੱਲ ਰਹੇ ਝਗੜੇ ਕਾਰਨ ਇਕ 50 ਸਾਲਾ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ। ਪੁਲਸ ਅਧਿਕਾਰੀ ਸ਼ਨੀਵਾਰ ਸਵੇਰੇ 10 ਵਜੇ ਪੂਰਬੀ ਸੀਅਰਾ ਐਵੀਨਿਊ ਅਤੇ ਨਾਰਥ ਕਲਾਰਕ ਸਟ੍ਰੀਟ ਦੇ ਇਕ ਹੋਮ ਪਾਰਕ ਵਿਚ ਪਹੁੰਚੇ ਜਿੱਥੇ ਘਟਨਾ ਵਾਪਰੀ ਸੀ।
ਅਧਿਕਾਰੀਆਂ ਨੇ ਇਕ ਆਦਮੀ ਜਿਸ ਦੇ ਸਰੀਰ ਦੇ ਉੱਪਰਲੇ ਹਿੱਸੇ ਵਿਚ ਗੋਲੀਆਂ ਲੱਗੀਆਂ ਸਨ, ਨੂੰ ਕਮਿਊਨਿਟੀ ਰੀਜਨਲ ਮੈਡੀਕਲ ਸੈਂਟਰ ਪਹੁੰਚਾਇਆ, ਜਿੱਥੇ ਉਸਦੀ ਮੌਤ ਹੋ ਗਈ। ਫਰਿਜ਼ਨੋ ਪੁਲਿਸ ਦੇ ਲੈਫਟੀਨੈਂਟ ਚਾਰਲੀ ਚਮਾਲਬਾਈਡ ਨੇ ਦੱਸਿਆ ਕਿ ਗੁਆਂਢੀਆਂ ਅਨੁਸਾਰ ਇਹ ਵਿਅਕਤੀ ਲੰਮੇ ਸਮੇਂ ਤੋਂ ਇੱਕ-ਦੂਜੇ ਨੂੰ ਪਸੰਦ ਨਹੀਂ ਕਰਦੇ ਸਨ। ਘਟਨਾ ਵਾਲੇ ਦਿਨ ਕਿਸੇ ਗੱਲੋਂ ਉਨ੍ਹਾਂ ਵਿਚ ਝਗੜਾ ਹੋਇਆ ਅਤੇ ਬਾਅਦ ਵਿਚ ਜਦੋਂ ਇਕ ਵਿਅਕਤੀ ਘਰ ਵਿਚ ਸੀ ਤਾਂ ਦੂਸਰੇ ਨੇ ਉਸ ਤੇ ਗੋਲੀਆਂ ਚਲਾ ਦਿੱਤੀਆਂ। ਮਾਮਲੇ ਦਾ ਦੋਸ਼ੀ 49 ਸਾਲਾ ਵਿਅਕਤੀ ਉਸ ਸਮੇਂ ਭੱਜ ਗਿਆ ਸੀ ਪਰ ਪੁਲਸ ਨੇ ਸ਼ਨੀਵਾਰ ਸ਼ਾਮ 5 ਵਜੇ ਤੋਂ ਪਹਿਲਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਅਜੇ ਉਸ ਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ।