ਫਰਿਜ਼ਨੋ ਦੇ ਸਿੱਖ ਮਾਸਟਰ ਐਥਲੀਟਸ ਨੇ ਰੀਨੋ ''ਚ ਸੋਨੇ ਦੇ ਤਮਗੇ ਜਿੱਤ ਕੇ ਕੌਮ ਦਾ ਨਾਮ ਕੀਤਾ ਰੌਸ਼ਨ
Saturday, Feb 07, 2026 - 03:05 AM (IST)
ਰੀਨੋ/ਨੇਵਾਡਾ/ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ ਦੀ ਸਿੱਖ ਕੌਮ ਲਈ ਇਹ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਤਿੰਨ ਸਿੱਖ ਮਾਸਟਰ ਐਥਲੀਟਸ ਰਣਧੀਰ ਸਿੰਘ ਵਿਰਕ, ਗੁਰਬਖਸ਼ ਸਿੰਘ ਸਿੱਧੂ ਅਤੇ ਸੁਖਨੈਨ ਸਿੰਘ ਨੇ USATF ਵੈਸਟ ਅਤੇ ਨਾਰਥਵੈਸਟ ਰੀਜਨ ਮਾਸਟਰਜ਼ ਅਤੇ USATF ਪੈਸਿਫ਼ਿਕ ਐਸੋਸੀਏਸ਼ਨ ਇੰਡੋਰ ਮੀਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ-ਆਪਣੇ ਇਵੈਂਟਸ ਵਿੱਚ ਸੋਨੇ ਦੇ ਤਮਗੇ ਜਿੱਤ ਕੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ। ਇਹ ਮੁਕਾਬਲਾ ਰੀਨੋ ਕਨਵੈਨਸ਼ਨ ਸੈਂਟਰ, ਨੇਵਾਡਾ ਵਿੱਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਅਮਰੀਕਾ ਦੇ ਕਈ ਰਾਜਾਂ ਤੋਂ ਆਏ ਤਜਰਬੇਕਾਰ ਮਾਸਟਰ ਐਥਲੀਟਸ ਨੇ ਹਿੱਸਾ ਲਿਆ। ਫਰਿਜ਼ਨੋ ਦੇ ਇਨ੍ਹਾਂ ਤਿੰਨ ਖਿਡਾਰੀਆਂ ਨੇ ਆਪਣੀ ਲਗਨ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਨਾਲ ਇਹ ਸਾਬਤ ਕੀਤਾ ਕਿ ਉਮਰ ਕਦੇ ਵੀ ਕਾਮਯਾਬੀ ਲਈ ਰੁਕਾਵਟ ਨਹੀਂ ਬਣਦੀ।
ਇਹ ਵੀ ਪੜ੍ਹੋ : ਪਾਕਿਸਤਾਨ ’ਚ ਜੈਸ਼ ਦੇ ਅੱਤਵਾਦੀਆਂ ਦਾ ਰੋਡ ਸ਼ੋਅ, ਭਾਰਤ ਖਿਲਾਫ ਕੀਤੀ ਭੜਕਾਊ ਨਾਅਰੇਬਾਜ਼ੀ
ਮੁਕਾਬਲੇ ਤੋਂ ਬਾਅਦ 1 ਫਰਵਰੀ ਨੂੰ ਖਿਡਾਰੀਆਂ ਨੇ ਰੀਨੋ ਦੇ ਗੁਰਦੁਆਰਾ ਸਾਹਿਬ ਸੈਲਮਾ ਡਰਾਈਵ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਅਤੇ ਆਪਣੀ ਕਾਮਯਾਬੀ ਲਈ ਅਸੀਸਾਂ ਪ੍ਰਾਪਤ ਕੀਤੀਆਂ। ਇਸ ਮੌਕੇ ਰੀਨੋ ਦੀ ਸਿੱਖ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਿਡਾਰੀਆਂ ਦਾ ਭਰਪੂਰ ਸਨਮਾਨ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਵਿੱਚ ਉਨ੍ਹਾਂ ਨੂੰ ਸਿਰੋਪਾ ਸਾਹਿਬ ਭੇਟ ਕਰਕੇ ਨਿਵਾਜਿਆ ਗਿਆ। ਸਨਮਾਨ ਸਮਾਗਮ ਦੌਰਾਨ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਵਿੱਚ ਜਸਵਿੰਦਰ ਸਿੰਘ (ਪ੍ਰਧਾਨ), ਕੁਲਦੀਪ ਸਿੰਘ (ਸਕੱਤਰ), ਨਛੱਤਰ ਸਿੰਘ ਗੋਸਲ (ਕੈਸ਼ੀਅਰ) ਅਤੇ ਦਵਿੰਦਰ ਚਾਵਲਾ (ਡਾਇਰੈਕਟਰ) ਆਦਿ ਹਾਜ਼ਰ ਸਨ। ਉਨ੍ਹਾਂ ਨੇ ਖਿਡਾਰੀਆਂ ਦੀ ਖੇਡ ਕਾਬਲੀਅਤ, ਅਟੁੱਟ ਮਿਹਨਤ ਅਤੇ ਸਮਰਪਣ ਦੀ ਦਿਲੋਂ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਹੌਸਲਾ ਅਫ਼ਜ਼ਾਈ ਕੀਤੀ।
