ਫਰਾਂਸੀਸੀ ਭਾਰਤੀਆਂ ਨੇ ਮਨਾਇਆ ਵੋਟਰ ਦਿਵਸ
Friday, Jan 25, 2019 - 08:00 PM (IST)

ਪੈਰਿਸ (ਭੱਟੀ)–ਫਰਾਂਸ ਵੱਸਦੇ ਭਾਰਤੀ ਭਾਈਚਾਰੇ ਦੇ ਕੁਝ ਖਾਸ ਨੁਮਾਇੰਦਿਆਂ ਨੂੰ ਭਾਰਤੀ ਅੰਬੈਸੀ ਦੇ ਮੁਖੀ ਮੋਹਨ ਕਵਾਤਰਾ ਨੇ ਉਚੇਚੇ ਤੌਰ ’ਤੇ ਸੱਦਾ ਦਿੱਤਾ ਕਿ ਆਓ ਅੱਜ ਦੇ ਦਿਨ, ਜਿਸ ਨੂੰ ਵੋਟਰ ਦਿਵਸ ਕਿਹਾ ਜਾਂਦਾ ਹੈ, ਦੇ ਮੌਕੇ ਪ੍ਰਣ ਕਰੀਏ ਕਿ ਅਸੀਂ ਆਪਣੀ ਵੋਟ ਦੀ ਵਰਤੋਂ ਸਹੀ ਤਰੀਕੇ ਨਾਲ, ਬਿਨਾਂ ਕਿਸੇ ਲਾਲਚ, ਡਰ, ਵਰਗਲਾਉਣ ਜਾਂ ਕਿਸੇ ਦੇ ਕਹੇ ਤੋਂ ਬਗੈਰ ਕਰਾਂਗੇ, ਸਗੋਂ ਲੋਕਤੰਤਰ ਦੇ ਘੇਰੇ ’ਚ ਰਹਿ ਕੇ ਜਾਤ-ਪਾਤ ਤੋਂ ਉੱਪਰ ਉੱਠ ਕੇ ਆਪੋ-ਆਪਣੇ ਪਸੰਦੀਦਾ ਉਮੀਦਵਾਰ ਨੂੰ ਆਪਣੀ ਮਰਜ਼ੀ ਨਾਲ ਵੋਟ ਪਾਵਾਂਗੇ, ਜਿਸ ਦਾ ਸਮਰਥਨ, ਮੀਟਿੰਗ ਵਿਚ ਹਾਜ਼ਰ ਸਾਰੀਆਂ ਹੀ ਭਾਰਤੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਕੀਤਾ।
ਫਰਾਂਸ ’ਚ ਬਣੀਆਂ ਭਾਰਤੀ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵੱਲੋਂ ਨਾਮਜ਼ਦ ਪ੍ਰਧਾਨ, ਜੋਗਿੰਦਰ ਕੁਮਾਰ ਨੇ ਵੀ ਕਿਹਾ ਕਿ ਅਸੀਂ ਸਾਰੇ ਹੀ ਬੇਸ਼ੱਕ ਰਹਿੰਦੇ ਯੂਰਪ ’ਚ ਹਾਂ ਪਰ ਸਾਡੀ ਆਸਥਾ ਅਤੇ ਦਿਲ-ਦਿਮਾਗ ਹਮੇਸ਼ਾ ਭਾਰਤ ਦੀ ਭਲਾਈ ਅਤੇ ਤਰੱਕੀ ਨਾਲ ਜੁੜਿਆ ਰਹਿੰਦਾ ਹੈ। ਇਸ ਕਰਕੇ ਅਸੀਂ ਸਾਰੇ ਪ੍ਰਣ ਕਰਦੇ ਹਾਂ ਕਿ ਅਸੀਂ ਲੋਕਤੰਤਰ ਦੇ ਮਾਣ ਸਨਮਾਨ ਨੂੰ ਆਂਚ ਨਹੀਂ ਆਉਣ ਦੇਵਾਂਗੇ। ਇਸ ਮੀਟਿੰਗ ਦੀ ਪ੍ਰਧਾਨਗੀ ਭਾਰਤੀ ਮਿਸ਼ਨ ਦੇ ਮੁਖੀ ਸ਼੍ਰੀ ਮੋਹਨ ਕਵਾਤਰਾ ਦੇ ਆਦੇਸ਼ਾਂ ਅਨੁਸਾਰ ਸ਼੍ਰੀ ਅੰਕਨ ਬੈਨਰਜੀ, ਉਪ ਰਾਜਦੂਤ ਨੇ ਕੀਤੀ ਅਤੇ ਕਲਚਰ ਵਿਭਾਗ ਦੇ ਮੁਖੀ ਸ਼੍ਰੀ ਨਮਨ ਉਪਾਧਿਆਏ ਨੇ ਸਪੈਸ਼ਲ ਸ਼ਿਰਕਤ ਕੀਤੀ।