ਪਰਮਾਣੂ ਸਮਝੌਤੇ ਨਾਲ ਮੁਕਤ ਵਪਾਰ ਸਮਝੌਤਾ ਨਹੀਂ ਰੁਕੇਗਾ : ਫਰਾਂਸ ਅਤੇ ਆਸਟ੍ਰੇਲੀਆ ਸਹਿਮਤ
Monday, Sep 20, 2021 - 06:31 PM (IST)
ਕੈਨਬਰਾ (ਭਾਸ਼ਾ): ਫਰਾਂਸ ਅਤੇ ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਪਣਡੁੱਬੀ ਸਮਝੌਤਾ ਰੱਦ ਕੀਤੇ ਜਾਣ ਮਗਰੋਂ ਫਰਾਂਸ ਦੀ ਨਾਰਾਜ਼ਗੀ ਦੇ ਕਾਰਨ ਆਸਟ੍ਰੇਲੀਆ ਅਤੇ ਯੂਰਪੀ ਸੰਘ ਵਿਚਕਾਰ ਜਾਰੀ ਮੁਕਤ ਵਪਾਰ ਸਮਝੌਤਾ ਪਟੜੀ ਤੋਂ ਨਹੀਂ ਉਤਰੇਗਾ ਮਤਲਬ ਪ੍ਰਭਾਵਿਤ ਨਹੀਂ ਹੋਵੇਗਾ।ਆਸਟ੍ਰੇਲੀਆ ਨੇ 12 ਰਵਾਇਤੀ ਡੀਜ਼ਲ-ਇਲੈਕਟ੍ਰਿਕ ਪਣਡੁੱਬੀਆਂ ਦੇ ਨਿਰਮਾਣ ਲਈ 2016 ਵਿਚ ਫਰਾਂਸ ਸਰਕਾਰ ਦੀ ਮਲਕੀਅਤ ਵਾਲੀ ਨੇਵੀ ਕੰਪਨੀ ਨਾਲ 90 ਅਰਬ ਆਸਟ੍ਰੇਲੀਆਈ ਡਾਲਰ (4799 ਅਰਬ ਰੁਪਏ) ਦਾ ਇਕਰਾਰਨਾਮਾ ਕੀਤਾ ਸੀ ਪਰ ਹੁਣ ਆਸਟ੍ਰੇਲੀਆ ਨੇ ਅਮਰੀਕਾ ਅਤੇ ਬ੍ਰਿਟੇਨ ਨਾਲ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ 8 ਪਣਡੁੱਬੀਆਂ ਲਈ ਨਵਾਂ ਸਮਝੌਤਾ ਕੀਤਾ ਹੈ।
ਇਸ ਸਮਝੌਤੇ ਕਾਰਨ ਉਸ ਨੇ ਫਰਾਂਸ ਨਾਲ ਇਕਰਾਰਨਾਮਾ ਰੱਦ ਕਰ ਦਿੱਤਾ ਹੈ। ਫਰਾਂਸ ਨਾਲ ਪਣਡੁੱਬੀ ਸੌਦੇ ਦੇ ਅਚਾਨਕ ਰੱਦ ਕੀਤੇ ਜਾਣ ਦੇ ਵਿਰੋਧ ਵਿਚ ਫਰਾਂਸ ਨੇ ਅਮਰੀਕਾ ਅਤੇ ਆਸਟ੍ਰੇਲੀਆ ਤੋਂ ਆਪਣੇ ਰਾਜਦੂਤਾਂ ਨੂੰ ਪਿਛਲੇ ਹਫ਼ਤੇ ਵਾਪਸ ਬੁਲਾ ਲਿਆ ਸੀ। ਆਸਟ੍ਰੇਲੀਆ ਲਈ ਫਰਾਂਸ ਦੇ ਰਾਜਦੂਤ ਜਯਾਂ-ਪਿਯਰੇ ਥੇਬੋ ਨੇ ਉਹਨਾਂ ਮੀਡੀਆ ਰਿਪੋਰਟਾਂ ਦਾ ਖੰਡਨ ਕੀਤਾ, ਜਿਹਨਾਂ ਵਿਚ ਕਿਹਾ ਗਿਆ ਹੈ ਕਿ ਫਰਾਂਸ ਯੂਰਪੀ ਸੰਘ (ਈ.ਯੂ.) ਵਿਚ ਇਸ ਗੱਲ ਦੀ ਪੈਰਵੀ ਕਰ ਰਿਹਾ ਹੈ ਕਿ ਉਹ ਆਸਟ੍ਰੇਲੀਆ ਨਾਲ ਵਪਾਰ ਸਮਝੌਤੇ 'ਤੇ ਦਸਤਖ਼ਤ ਨਾ ਕਰੇ, ਜਿਸ 'ਤੇ 2018 ਤੋਂ ਗੱਲਬਾਤ ਚੱਲ ਰਹੀ ਹੈ। ਥੇਬੋ ਨੇ ਪੈਰਿਸ ਤੋਂ 'ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ' ਨੂੰ ਕਿਹਾ,''ਇਸ ਪੜਾਅ 'ਤੇ ਵਾਰਤਾ ਜਾਰੀ ਹੈ ਅਤੇ ਈਯੂ ਨਾਲ ਮੁਕਤ ਵਪਾਰ ਸਮਝੌਤੇ ਵਿਚ ਆਸਟ੍ਰੇਲੀਆ ਦਾ ਵੱਡਾ ਹਿੱਤ ਹੈ।'' ਉਹਨਾਂ ਨੇ ਕਿਹਾ ਇਸ ਤਰ੍ਹਾਂ ਦੇ ਸਮਝੌਤੇ ਦੇ ਕਾਰਨ ਆਸਟ੍ਰੇਲੀਆ ਨੂੰ ਵੱਡੇ ਲਾਭ ਮਿਲਣ ਦੀ ਸੰਭਾਵਨਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਫੈਡਰਲ ਚੋਣਾਂ : ਅੱਜ ਪਾਈਆਂ ਜਾਣਗੀਆਂ ਵੋਟਾਂ, ਦਾਅ 'ਤੇ ਲੱਗੀ ਪ੍ਰਧਾਨ ਮੰਤਰੀ ਟਰੂਡੋ ਦੀ ਸਾਖ
ਇਸ ਵਿਚਕਾਰ ਆਸਟ੍ਰੇਲੀਆ ਦੇ ਵਪਾਰ ਮੰਤਰੀ ਡਾਨ ਤੇਹਾਨ ਨੇ ਕਿਹਾ ਕਿ ਉਹ ਵਪਾਰ ਵਾਰਤਾ ਕਰਨ ਲਈ ਕੁਝ ਹਫ਼ਤੇ ਵਿਚ ਪੈਰਿਸ ਜਾਣਗੇ ਅਤੇ ਉਹ ਆਪਣੇ ਫ੍ਰਾਂਸੀਸੀ ਹਮਰੁਤਬਾ ਫ੍ਰੈਂਕ ਰੀਸਟਰ ਨਾਲ ਗੱਲਬਾਤ ਲਈ ਉਤਸੁਕ ਹਨ। ਤੇਹਾਨ ਨੇ ਅਪ੍ਰੈਲ ਦੇ ਆਪਣੇ ਦੌਰੇ ਦਾ ਜ਼ਿਕਰ ਕਰਦਿਆਂ ਕਿਹਾ,''ਯੂਰਪ ਦੀ ਮੇਰੀ ਹਾਲ ਹੀ ਦੀ ਯਾਤਰਾ ਵਿਚ ਈਯੂ ਮੁਕਤ ਵਪਾਰ ਸਮਝੌਤੇ ਨੂੰ ਲੈਕੇ ਇਹ ਮਜ਼ਬੂਤ ਸਮਝ ਵਿਕਸਿਤ ਹੋਈ ਸੀ ਕਿ ਇਹ ਸਮਝੌਤਾ ਆਸਟ੍ਰੇਲੀਆ ਅਤੇ ਯੂਰਪ ਦੋਹਾਂ ਦੇ ਹਿੱਤ ਵਿਚ ਹੈ।'' ਉਹਨਾਂ ਨੇ ਕਿਹਾ,''ਮੈਨੂੰ ਇਹਨਾਂ ਵਾਰਤਾਵਾਂ ਨੂੰ ਜਾਰੀ ਰੱਖਣ ਦਾ ਕੋਈ ਉਚਿਤ ਕਾਰਨ ਨਜ਼ਰ ਨਹੀਂ ਆਉਂਦਾ।''
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਆਗਾਮੀ ਦਿਨਾਂ ਵਿਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਵਾਰਤਾ ਕਰਨਗੇ। ਇਹ ਇਸ ਕੂਟਨੀਤਕ ਸੰਕਟ ਦੇ ਬਾਅਦ ਦੋਹਾਂ ਨੇਤਾਵਾਂ ਵਿਚਕਾਰ ਪਹਿਲੀ ਗੱਲਬਾਤ ਹੋਵੇਗੀ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਸੋਮਵਾਰ ਨੂੰ ਅਮਰੀਕਾ ਲਈ ਰਵਾਨਾ ਹੋਏ, ਜਿੱਥੇ ਉਹ ਬਾਈਡੇਨ ਅਤੇ ਕਵਾਡ ਸੁਰੱਖਿਆ ਮੰਚ ਦੇ ਹੋਰ ਮੈਂਬਰਾਂ ਭਾਰਤ ਅਤੇ ਜਾਪਾਨ ਦੇ ਨੇਤਾਵਾਂ ਨਾਲ ਬੈਠਕ ਕਰਨਗੇ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।