ਫਰਾਂਸ ਦੇ ਟਮਾਟਰਾਂ ਨੂੰ ਲੱਗਾ ਜਾਨਲੇਵਾ ਵਾਇਰਸ, ਫਸਲ ਬਰਬਾਦ ਹੋਣ ਦਾ ਖਦਸ਼ਾ

02/18/2020 4:52:47 PM

ਪੈਰਿਸ — ਫਰਾਂਸ ਦੇ ਸੁਦੂਰ ਪੱਛਮੀ ਖੇਤਰ ਫਿਨਿਸਟਰ ਵਿਚ ਟਮਾਟਰ ਦੇ ਪੌਦੇ ਇਕ ਜਾਨਲੇਵਾ ਵਾਇਰਸ ਨਾਲ ਸੰਕਰਮਿਤ ਹੋ ਗਏ ਹਨ। ਇਸ ਕਾਰਨ ਪੂਰੀ ਫਸਲ ਖਰਾਬ ਹੋਣ ਦੀ ਸੰਭਾਵਨਾ ਹੈ। ਫਰਾਂਸ ਦੇ ਖੇਤੀਬਾੜੀ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਇਸ ਵਾਇਰਸ ਦਾ ਕੋਈ ਇਲਾਜ਼ ਨਹੀਂ ਹੈ ਇਸ ਲਈ ਖੇਤ ਨੂੰ ਵੱਖਰਾ ਕਰ ਦਿੱਤਾ ਗਿਆ ਹੈ ਅਤੇ ਹੁਣ ਟਮਾਟਰਾਂ ਨਾਲ ਭਰੇ ਗ੍ਰੀਨਹਾਊਸ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਟਮਾਟਰਾਂ ਦੇ ਪੌਦੇ 'ਤੇ ਵਾਇਰਸ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਵਾਇਰਸ ਕਾਰਨ ਟਮਾਟਰ 'ਤੇ ਬੇਰੰਗ ਦਾਗ ਪੈ ਜਾਂਦੇ ਹਨ ਅਤੇ ਇਹ ਟਮਾਟਰ ਖਾਣ ਯੋਗ ਨਹੀਂ ਰਹਿੰਦੇ। ਇਸ ਵਾਇਰਸ ਦਾ ਮਨੁੱਖਾਂ ਉੱਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਹੈ। ਇਸ ਦੀ ਪਹਿਲੀ ਵਾਰ ਪਛਾਣ 2014 ਵਿਚ ਇਜ਼ਰਾਈਲ ਵਿਚ ਹੋਈ ਸੀ। ਪਿਛਲੇ ਸਾਲ ਜੁਲਾਈ ਵਿਚ ਬ੍ਰਿਟੇਨ ਵਿਚ ਇਸ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। ਯੂਰਪੀਅਨ ਯੂਨੀਅਨ ਦੇ ਦੇਸ਼ਾਂ ਵਿਚ ਟਮਾਟਰ ਦੇ ਸਭ ਤੋਂ ਵੱਡੇ ਉਤਪਾਦਕ ਦੇਸ਼ ਸਪੇਨ ਅਤੇ ਇਟਲੀ ਦੇ ਕਿਸਾਨਾਂ ਦੇ ਖੇਤ ਵੀ ਇਸ ਵਾਇਰਸ ਤੋਂ ਪ੍ਰਭਾਵਤ ਹੋ ਚੁੱਕੇ ਹਨ। ਫਰਾਂਸ ਨੇ ਫਰਵਰੀ ਦੀ ਸ਼ੁਰੂਆਤ ਵਿਚ ਪੌਦਿਆਂ ਅਤੇ ਬੀਜਾਂ ਦੀ ਜਾਂਚ ਨੂੰ ਪਹਿਲ ਦਿੱਤੀ ਸੀ।
 


Related News