ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ''ਤੇ ਫਰਾਂਸ, ਹੁਣ ਜੈਸ਼-ਏ-ਮੁਹੰਮਦ ਨੇ ਦਿੱਤੀ ਧਮਕੀ
Monday, Nov 23, 2020 - 11:21 AM (IST)
ਪੈਰਿਸ- ਫਰਾਂਸ ਦੀ ਇਸਲਾਮਕ ਅੱਤਵਾਦ ਖ਼ਿਲਾਫ਼ ਕਾਰਵਾਈ ਕਾਰਨ ਬੌਖਲਾਏ ਅੱਤਵਾਦੀ ਸੰਗਠਨਾਂ ਅਲ ਕਾਇਦਾ ਅਤੇ ਇਸਲਾਮਕ ਸਟੇਟ ਦੇ ਬਾਅਦ ਹੁਣ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਫਰਾਂਸੀਸੀ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੂੰ ਧਮਕੀ ਦਿੱਤੀ ਹੈ।
ਜੈਸ਼ ਨੇ ਕਿਹਾ ਕਿ ਮੈਕਰੋਂ ਅਤੇ ਉਨ੍ਹਾਂ ਵਰਗੇ ਈਸ਼ਨਿੰਦਾ ਦੇ ਦੋਸ਼ੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇਕ ਲੇਖ ਰਾਹੀਂ ਆਪਣੀ ਧਮਕੀ ਵਿਚ ਅੱਤਵਾਦੀ ਸੰਗਠਨ ਨੇ ਕਿਹਾ ਕਿ ਫਰਾਂਸ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਵਰਗੀ ਸੋਚ ਰੱਖਣ ਵਾਲਿਆਂ ਨੂੰ ਉਹ ਲੋਕ ਨਿਸ਼ਾਨਬਣਾਉਣਗੇ, ਜੋ ਪੈਗੰਬਰ ਮੁਹੰਮਦ ਦੇ ਸਨਮਾਨ ਵਿਚ ਆਪਣੀ ਜਾਨ ਕੁਰਬਾਨ ਕਰਨ ਲਈ ਤਿਆਰ ਹਨ।
ਜੈਸ਼ ਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ ਜਾਂ ਉਸ ਤੋਂ ਅਗਲੇ ਦਿਨ ਕਦੇ ਨਾ ਕਦੇ ਇਕ ਹੋਰ ਅਬਦੁੱਲਾ ਚੇਚੇਨੀ, ਮੁਮਤਾਜ ਕਾਦਰੀ ਤੇ ਗਾਜੀ ਖਾਲਿਦ ਜਨਮ ਲਵੇਗਾ। ਦੱਸ ਦਈਏ ਕਿ ਚੇਚਨੀ ਉਹ ਅੱਤਵਾਦੀ ਹੈ, ਜਿਸ ਨੇ ਪਿਛਲੇ ਮਹੀਨੇ ਪੈਰਿਸ ਵਿਚ ਪੈਗੰਬਰ ਮੁਹੰਮਦ ਦਾ ਕਾਰਟੂਨ ਦਿਖਾਉਣ ਲਈ ਸਕੂਲ ਅਧਿਆਪਕ ਦਾ ਗਲਾ ਵੱਢ ਕੇ ਉਸ ਨੂੰ ਮਾਰ ਦਿੱਤਾ ਸੀ ਤੇ ਗਾਜ਼ੀ ਖਾਲਿਦ ਨੇ ਅਹਿਮਦੀਆ ਮੁਸਲਿਮ ਤਾਹਿਰ ਅਹਿਮਦ ਨਸੀਮ ਦੀ ਅਦਾਲਤ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਤਾਹਿਰ 'ਤੇ ਪਾਕਿਸਤਾਨ ਵਿਚ ਈਸ਼ਨਿੰਦਾ ਦਾ ਕੇਸ ਚੱਲ ਰਿਹਾ ਸੀ।
ਭਾਵੇਂ ਹੀ ਜੈਸ਼ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ ਪਰ ਉਸ ਦੀ ਵੈੱਬਸਾਈਟ ਅਜੇ ਵੀ ਉਪਲੱਬਧ ਹੈ। ਦੁਨੀਆ ਨੂੰ ਧੋਖਾ ਦੇਣ ਲਈ ਵੈੱਬਸਾਈਟ ਦੇ ਹੋਮਪੇਜ 'ਤੇ ਅਪਡੇਟ ਦੀ ਆਖਰੀ ਤਾਰੀਖ਼ ਮਈ 2019 ਹੈ ਪਰ ਮਦੀਨਾ-ਮਦੀਨਾ ਪੇਜ਼ 'ਤੇ ਲਗਾਤਾਰ ਧਮਕੀ ਵਾਲੇ ਲੇਖ ਪੋਸਟ ਹੋ ਰਹੇ ਹਨ ਅਤੇ ਇਸ ਵਿਚ ਪ੍ਰਕਾਸ਼ਿਤ ਇਕ ਲੇਖ ਵਿਚ ਫਰਾਂਸ ਨੂੰ ਧਮਕੀ ਦਿੱਤੀ ਗਈ ਹੈ।