ਫਰਾਂਸ ਨੇ ਪਾਕਿ ਨੂੰ ਵਾਪਸ ਕੀਤੇ ਕਰੀਬ 450 ਪੁਰਾਤਨ ਅਵਸ਼ੇਸ਼
Wednesday, Jul 03, 2019 - 11:48 AM (IST)

ਪੈਰਿਸ (ਭਾਸ਼ਾ)— ਫਰਾਂਸ ਨੇ ਮੰਗਲਵਾਰ ਨੂੰ ਪਾਕਿਸਤਾਨ ਨੂੰ ਲੱਗਭਗ 450 ਪੁਰਾਤਨ ਅਵਸ਼ੇਸ਼ ਵਾਪਸ ਕੀਤੇ ਹਨ। ਇਨ੍ਹਾਂ ਨੂੰ ਫ੍ਰਾਂਸੀਸੀ ਕਸਟਮ ਅਧਿਕਾਰੀਆਂ ਨੇ ਕਰੀਬ ਇਕ ਦਹਾਕੇ ਪਹਿਲਾਂ ਜ਼ਬਤ ਕੀਤਾ ਸੀ। ਇਨ੍ਹਾਂ ਵਿਚੋਂ ਕੁਝ 4,000 ਈਸਾ ਪੂਰਬ ਦੇ ਹਨ। ਪੈਰਿਸ ਦੇ ਚਾਰਲਸ ਡੀ ਗਾਲ ਹਵਾਈ ਅੱਡੇ 'ਤੇ ਸਾਲ 2006 ਵਿਚ ਕਸਟਮ ਅਧਿਕਾਰੀਆਂ ਨੇ ਪਾਕਿਸਤਾਨ ਤੋਂ ਆਏ ਇਕ ਪਾਰਸਲ ਦੀ ਜਾਂਚ ਕੀਤੀ ਸੀ।
ਪਾਰਸਲ ਸ਼ਹਿਰ ਦੇ ਇਕ ਮਿਊਜ਼ੀਅਮ ਨੂੰ ਭੇਜਿਆ ਗਿਆ ਸੀ ਅਤੇ ਉਸ ਵਿਚ ਕਰੀਬ 100 ਸਾਲ ਪੁਰਾਣੇ ਟੇਰਾਕੋਟਾ (ਮਿੱਟੀ) ਦੇ 17 ਬਰਤਨ ਹੋਣ ਦਾ ਦਾਅਵਾ ਕੀਤਾ ਗਿਆ ਸੀ। ਪਰ ਜਦੋਂ ਇਕ ਮਾਹਰ ਨੇ ਇਨ੍ਹਾਂ ਬਰਤਨਾਂ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਇਨ੍ਹਾਂ ਵਿਚੋਂ ਕੁਝ ਚੀਜ਼ਾਂ ਈਸਾ ਪੂਰਵ ਦੂਜੀ ਜਾਂ ਤੀਜੀ ਸਦੀਆਂ ਦੀਆਂ ਹਨ ਅਤੇ ਸੰਭਵ ਤੌਰ 'ਤੇ ਉਨ੍ਹਾਂ ਨੂੰ ਬਲੋਚਿਸਤਾਨ ਸੂਬੇ ਦੀ ਕਿਸੇ ਕਬਰਗਾਹ ਤੋਂ ਚੋਰੀ ਕੀਤਾ ਗਿਆ ਹੈ।
ਲੱਗਭਗ ਇਕ ਸਾਲ ਦੀ ਵਿਆਪਕ ਜਾਂਚ ਦੇ ਬਾਅਦ ਜਾਂਚ ਕਰਤਾਵਾਂ ਨੂੰ ਕੁੱਲ 445 ਚੀਜ਼ਾਂ ਮਿਲੀਆਂ, ਜਿਨ੍ਹਾਂ ਵਿਚੋਂ ਕੁਝ ਤਾਂ 4,000 ਈਸਾ ਪੂਰਵ ਦੀਆਂ ਸਨ। ਇਸ ਦੋਰਾਨ ਉਨ੍ਹਾਂ ਨੇ ਪੈਰਿਸ ਦੀ ਇਕ ਗੈਲਰੀ 'ਤੇ ਵੀ ਛਾਪਾ ਮਾਰਿਆ। ਇਨ੍ਹਾਂ ਸਾਮਾਨਾਂ ਦੀ ਅਨੁਮਾਨਿਤ ਕੀਮਤ 139,000 ਯੂਰੋ (157,000 ਅਮਰੀਕੀ ਡਾਲਰ) ਲਗਾਈ ਗਈ ਹੈ।