ਇਮਾਰਤ ''ਚ ਲੱਗੀ ਅੱਗ, ਤੀਜੀ ਮੰਜ਼ਿਲ ਤੋਂ ਛਾਲ ਮਾਰ ਬੱਚਿਆਂ ਨੇ ਬਚਾਈ ਜਾਨ (ਵੀਡੀਓ)
Friday, Jul 24, 2020 - 06:31 PM (IST)
ਪੈਰਿਸ (ਬਿਊਰੋ): ਫਰਾਂਸ ਦੇ ਇਕ ਸ਼ਹਿਰ ਦੀ ਦਿਲ ਦਹਿਲਾ ਦੇਣ ਵਾਲੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਇਮਾਰਤ ਵਿਚ ਅੱਗ ਲੱਗੀ ਹੋਈ ਹੈ ਅਤੇ ਦੋ ਭਰਾ ਉਸ ਘਰ ਦੀ ਖਿੜਕੀ ਵਿਚ ਫਸ ਗਏ ਹਨ। ਜਾਨ ਬਚਾਉਣ ਲਈ ਉਹ ਆਖਿਰਕਾਰ ਖਿੜਕੀ ਤੋਂ ਛਾਲ ਮਾਰਨ ਦਾ ਫੈਸਲਾ ਕਰਦੇ ਹਨ ਅਤੇ ਹੇਠਾਂ ਖੜ੍ਹੇ ਕਈ ਲੋਕ ਹੱਥਾਂ ਵਿਚ ਕੈਚ ਕਰਕੇ ਉਹਨਾਂ ਦੋਹਾਂ ਭਰਾਵਾਂ ਦੀ ਜਾਨ ਬਚਾ ਲੈਂਦੇ ਹਨ। ਇਹ ਵੀਡੀਓ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਨਾਟਕੀ ਘਟਨਾ ਫ੍ਰਾਂਸੀਸੀ ਸ਼ਹਿਰ ਗ੍ਰੇਨੋਬਲ ਵਿਚ ਵਾਪਰੀ।
3 ਅਤੇ 10 ਸਾਲ ਦੇ ਭਰਾ ਇਕ ਅੱਗ ਲੱਗੇ ਫਲੈਟ ਦੇ ਅੰਦਰ ਫਸ ਗਏ ਸਨ। ਅੱਗ ਫੈਲਦੀ ਜਾ ਰਹੀ ਸੀ ਅਤੇ ਉਹਨਾਂ ਕੋਲ ਫਲੈਟ ਦੀ ਖਿੜਕੀ ਤੋਂ ਕਰੀਬ 10 ਮੀਟਰ ਹੇਠਾਂ ਛਾਲ ਮਾਰਨ ਦੇ ਇਲਾਵਾ ਕੋਈ ਹੋਰ ਵਿਕਲਪ ਨਹੀਂ ਬਚਿਆ ਸੀ। ਜਿਵੇਂ ਹੀ ਖਿੜਕੀ ਵਿਚੋਂ ਧੂੰਆਂ ਨਿਕਲਦਾ ਹੈ ਛੋਟੇ ਭਰਾ ਨੂੰ ਤਿੰਨ ਮੰਜ਼ਿਲਾ ਉੱਪਰੋਂ ਦੀ ਹੇਠਾਂ ਛਾਲ ਮਾਰਦੇ ਦੇਖਿਆ ਜਾਂਦਾ ਹੈ। ਜ਼ਮੀਨ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਫੜਨ ਵਿਚ ਕੋਈ ਗਲਤੀ ਨਹੀਂ ਕੀਤੀ। ਉਸ ਦੇ ਕੁਝ ਸੈਕੰਡ ਬਾਅਦ ਹੀ ਵੱਡੇ ਭਰਾ ਨੂੰ ਖਿੜਕੀ ਤੋਂ ਝਾਤੀ ਮਾਰਦੇ ਹੋਏ ਦੇਖਿਆ ਗਿਆ। ਫਿਰ ਉਹ ਵੀ ਹੇਠਾਂ ਵੱਲ ਛਾਲ ਮਾਰਦਾ ਹੈ। ਹੇਠਾਂ ਖੜ੍ਹੇ ਲੋਕ ਪਹਿਲਾਂ ਤੋਂ ਹੀ ਤਿਆਰ ਰਹਿੰਦੇ ਹਨ ਅਤੇ ਡਿੱਗਦੇ ਹੋਏ ਬੱਚੇ ਨੂੰ ਆਪਣੇ ਹੱਥਾਂ ਵਿਚ ਕੈਚ ਕਰ ਲੈਂਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾਵਾਂ ਨੂੰ ਧੂੰਏਂ ਦੇ ਕਾਰਨ ਕੁਝ ਪਰੇਸ਼ਾਨੀ ਹੋਈ ਸੀ ਪਰ ਇਮਾਰਤ ਦੀ ਖਿੜਕੀ ਤੋਂ ਛਾਲ ਮਾਰਨ 'ਤੇ ਉਹਨਾਂ ਨੂੰ ਕੋਈ ਸੱਟ ਨਹੀਂ ਲੱਗੀ। ਉਹਨਾਂ ਦੇ ਇਲਾਵਾ ਅੱਗ ਵਿਚ ਫਸੇ ਚਾਰ ਹੋਰ ਲੋਕਾਂ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਬਚਾਅ ਦਲ ਵਿਚੋਂ ਇਕ ਵਿਅਕਤੀ ਦਾ ਗੁੱਟ ਟੁੱਟ ਗਿਆ ਸੀ ਜਿਸ ਨੇ ਉੱਪਰੋਂ ਡਿੱਗਦੇ ਬੱਚੇ ਨੂੰ ਆਪਣੇ ਹੱਥਾਂ ਵਿਚ ਕੈਚ ਕੀਤਾ ਸੀ। ਉਸ ਨੇ ਦੱਸਿਆ ਕਿ ਉਹ ਚੀਕਾਂ ਸੁਣ ਕੇ ਮੌਕੇ 'ਤੇ ਪਹੁੰਚਿਆ ਅਤੇ ਇਮਾਰਤ ਵਿਚੋਂ ਧੂੰਆਂ ਨਿਕਲਦਾ ਦੇਖਿਆ ਸੀ। ਉਹ ਮਦਦ ਦੀ ਪੇਸ਼ਕਸ਼ ਕਰਨ ਲਈ ਲੋਕਾਂ ਦੇ ਇਕ ਸਮੂਹ ਦੇ ਨਾਲ ਮੌਕੇ 'ਤੇ ਪਹੁੰਚਿਆ। ਇਕ ਵਾਰ ਜਦੋਂ ਉਹਨਾਂ ਨੇ ਹੇਠਾਂ ਵੱਲ ਉਤਰਨ ਲਈ ਸੰਘਰਸ਼ ਕਰ ਰਹੇ ਮੁੰਡਿਆਂ ਨੂੰ ਦੇਖਿਆ ਤਾਂ ਉਹਨਾਂ ਨੇ ਉੱਚੀ ਆਵਾਜ਼ ਵਿਚ ਮੁੰਡਿਆਂ ਨੂੰ ਖਿੜਕੀ ਜ਼ਰੀਏ ਛਾਲ ਮਾਰਨ ਦਾ ਸੰਕੇਤ ਦਿੱਤਾ। ਸਭ ਤੋਂ ਪਹਿਲਾਂ 3 ਸਾਲਾ ਬੱਚੇ ਨੇ ਛਾਲ ਮਾਰੀ ਅਤੇ ਫਿਰ 10 ਸਾਲਾ ਮੁੰਡੇ ਨੇ।