ਫਰਾਂਸ : ਕਿਤੇ ਪੁਲਸ ਨੂੰ ਬਣਾਇਆ ਨਿਸ਼ਾਨਾ ਤਾਂ ਕਿਤੇ ਬੈਂਕ ਨੂੰ ਉਡਾਇਆ, ਦੂਜੇ ਦੇਸ਼ਾਂ ਤਕ ਫੈਲੀ ਫਰਾਂਸ ਦੀ ਹਿੰਸਾ

Sunday, Jul 02, 2023 - 11:30 AM (IST)

ਫਰਾਂਸ : ਕਿਤੇ ਪੁਲਸ ਨੂੰ ਬਣਾਇਆ ਨਿਸ਼ਾਨਾ ਤਾਂ ਕਿਤੇ ਬੈਂਕ ਨੂੰ ਉਡਾਇਆ, ਦੂਜੇ ਦੇਸ਼ਾਂ ਤਕ ਫੈਲੀ ਫਰਾਂਸ ਦੀ ਹਿੰਸਾ

ਪੈਰਿਸ-  ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਪੁਲਸ ਦੀ ਗੋਲੀਬਾਰੀ ਵਿਚ 17 ਸਾਲਾ ਲੜਕੇ ਦੀ ਮੌਤ ਤੋਂ ਬਾਅਦ ਚੌਥੀ ਰਾਤ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਦੇਸ਼ ਭਰ ਵਿਚ 1311 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਸਰਕਾਰ ਨੇ ਹਿੰਸਾ ਰੋਕਣ ਲਈ ਦੇਸ਼ ਭਰ ਵਿਚ 45,000 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਹਨ। ਪ੍ਰਦਰਸ਼ਨਕਾਰੀਆਂ ਦੀ ਪੁਲਸ ਨਾਲ ਰਾਤ ਭਰ ਝੜਪ ਹੋਈ। ਪ੍ਰਦਰਸ਼ਨਕਾਰੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ 2500 ਦੇ ਕਰੀਬ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਭੰਨ-ਤੋੜ ਕੀਤੀ ਗਈ। ਇੰਨਾ ਹੀ ਨਹੀਂ ਇਹ ਰੋਸ ਹੋਰ ਵੀ ਖਤਰਨਾਕ ਰੂਪ ਧਾਰਨ ਕਰ ਰਿਹਾ ਹੈ। ਕਿਤੇ ਪੁਲਸ ’ਤੇ ਗੋਲੀਬਾਰੀ ਹੋਈ, ਕਿਤੇ ਬੈਂਕ ਨੂੰ ਉਡਾ ਦਿੱਤਾ ਗਿਆ। ਇਸ ਤੋਂ ਵੀ ਸੰਤੁਸ਼ਟ ਨਾ ਹੋਣ ’ਤੇ ਦੰਗਾਕਾਰੀਆਂ ਨੇ ਬੱਸਾਂ ਨੂੰ ਅੱਗ ਲਗਾ ਦਿੱਤੀ। ਹਿੰਸਾ ਸਿਰਫ ਫਰਾਂਸ ਤੱਕ ਸੀਮਤ ਨਹੀਂ ਹੈ, ਇਹ ਹੋਰ ਦੇਸ਼ਾਂ ਵਿਚ ਵੀ ਫੈਲ ਚੁੱਕੀ ਹੈ। ਹਿੰਸਾ ਕੈਰੇਬੀਅਨ ਖੇਤਰਾਂ ਤੱਕ ਵੀ ਪਹੁੰਚ ਗਈ ਹੈ। ਉੱਥੇ ਵੀ ਅਸ਼ਾਂਤੀ ਅਤੇ ਦੰਗੇ ਵਰਗੀ ਸਥਿਤੀ ਪੈਦਾ ਹੋ ਗਈ ਹੈ।

ਕੋਈ ਵੀ ਸਾਡੇ ਬੱਚਿਆਂ ਨੂੰ ਨਹੀਂ ਮਾਰ ਸਕਦਾ : ਮੌਨੀਆ

ਨਾਹੇਲ ਦੀ ਮਾਂ ਮੌਨੀਆ ਐੱਮ ਨੇ ਕਿਹਾ ਕਿ ਉਹ ਉਸ ਪੁਲਸ ਅਧਿਕਾਰੀ ਨਾਲ ਬਹੁਤ ਗੁੱਸੇ ’ਚ ਸੀ, ਜਿਸ ਨੇ ਉਸ ਦੇ ਬੱਚੇ ਨੂੰ ਮਾਰਿਆ ਸੀ। ਉਨ੍ਹਾਂ ਕਿਹਾ ਕਿ ਉਹ ਕੁਝ-ਕਝ ਅਰਬੀ ਬੱਚਿਆਂ ਵਰਗਾ ਦਿਖਾਈ ਦਿੰਦਾ ਸੀ। ਉਹ ਅਧਿਕਾਰੀ ਉਸ ਨੂੰ ਮਾਰਨਾ ਚਾਹੁੰਦਾ ਸੀ। ਲੜਕੇ ਦੀ ਪਰਿਵਾਰਕ ਵਿਰਾਸਤ ਅਲਜੀਰੀਆ ਨਾਲ ਜੁੜੀ ਹੋਈ ਹੈ। ਮੌਨੀਆ ਨੇ ਕਿਹਾ ਕਿ ਕੋਈ ਵੀ ਪੁਲਸ ਅਧਿਕਾਰੀ ਆਪਣੀ ਬੰਦੂਕ ਲੈ ਕੇ ਸਾਡੇ ਬੱਚਿਆਂ ’ਤੇ ਗੋਲੀ ਨਹੀਂ ਚਲਾ ਸਕਦਾ, ਸਾਡੇ ਬੱਚਿਆਂ ਦੀ ਜਾਨ ਨਹੀਂ ਲੈ ਸਕਦਾ।

ਫਰਾਂਸ ਦੀਆਂ ਸੜਕਾਂ ’ਤੇ 6000 ਤੋਂ ਵੱਧ ਥਾਵਾਂ ’ਤੇ ਸਾੜ-ਫੂਕ

ਹਿੰਸਾ ਦੌਰਾਨ ਫਰਾਂਸ ਦੀਆਂ ਸੜਕਾਂ ’ਤੇ ਸਾੜ-ਫੂਕ ਦੀਆਂ 6000 ਤੋਂ ਵੱਧ ਘਟਨਾਵਾਂ ਦੇਖੀਆਂ ਗਈਆਂ। ਇਸ ਤਰ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ’ਚ ਦੇਖਿਆ ਜਾ ਰਿਹਾ ਹੈ ਕਿ ਪੁਲਸ ਦੰਗਾਕਾਰੀਆਂ ਦਾ ਟਾਕਰਾ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਸ ਦੀਆਂ ਵੱਖ-ਵੱਖ ਯੂਨਿਟਾਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਰਹੀਆਂ ਹਨ। ਸ਼ੁੱਕਰਵਾਰ ਰਾਤ ਨੂੰ ਦਰਜਨਾਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਚਰੇ ਦੇ ਡੱਬਿਆਂ ਨੂੰ ਅੱਗ ਲਗਾ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਨੇ ਦੁਕਾਨਾਂ ਦੇ ਅੱਗੇ ਲੱਗੇ ਸ਼ੀਸ਼ੇ ਤੋੜ ਦਿੱਤੇ। ਖਾਣਾ-ਪਾਣੀ ਨਾ ਮਿਲਣ ਕਾਰਨ ਫਰਾਂਸ ਦੇ ਪੁਲਸ ਮੁਲਾਜ਼ਮ ਪੂਰੀ ਤਰ੍ਹਾਂ ਪਰੇਸ਼ਾਨ ਹਨ ਅਤੇ ਬਾਰ ਮਾਲਕ ਪਾਣੀ ਮੁਹੱਈਆ ਕਰਵਾਉਣ ਦਾ ਕੰਮ ਕਰ ਰਹੇ ਹਨ।

ਫਰਾਂਸ ਹਿੰਸਾ ਰੋਕਣ ਲਈ ਯੋਗੀ ਨੂੰ ਭੇਜਣ ਦੀ ਮੰਗ

ਫਰਾਂਸ ਵਿਚ ਇਸ ਗੰਭੀਰ ਸਥਿਤੀ ਦੌਰਾਨ ਯੂਰਪੀਅਨ ਡਾਕਟਰ ਅਤੇ ਪ੍ਰੋਫੈਸਰ ਐੱਨ. ਜੌਹਨ ਕੈਮ ਨੇ ਭਾਰਤ ਤੋਂ ਫਰਾਂਸ ਵਿਚ ਦੰਗਿਆਂ ਦੀ ਸਥਿਤੀ ਨਾਲ ਨਜਿੱਠਣ ਲਈ ਉੱਤਰ ਪ੍ਰਦੇਸ਼ ਦੇ ਸੀ. ਐੱਮ. ਯੋਗੀ ਨੂੰ ਭੇਜਣ ਦੀ ਮੰਗ ਕੀਤੀ ਹੈ। ਉਨ੍ਹਾਂ ਟਵੀਟ ਕੀਤਾ ਕਿ ਫਰਾਂਸ ਵਿਚ ਦੰਗਿਆਂ ਦੀ ਸਥਿਤੀ ਨੂੰ ਕਾਬੂ ਕਰਨ ਲਈ ਭਾਰਤ ਨੂੰ ਯੋਗੀ ਆਦਿਤਿਆਨਾਥ ਨੂੰ ਭੇਜਣਾ ਚਾਹੀਦਾ ਹੈ, ਉਹ 24 ਘੰਟਿਆਂ ਵਿਚ ਸਭ ਕੁਝ ਠੀਕ ਕਰ ਦੇਣਗੇ। ਯੋਗੀ ਆਦਿੱਤਿਆਨਾਥ ਦੇ ਦਫ਼ਤਰ ਨੇ ਵੀ ਟਵਿੱਟਰ ’ਤੇ ਇਹ ਲਿਖ ਕੇ ਇਸ ’ਤੇ ਪ੍ਰਤੀਕਿਰਿਆ ਜ਼ਾਹਿਰ ਕੀਤੀ ਕਿ ਜਦੋਂ ਵੀ ਦੂਨੀਆ ਦੇ ਕਿਸੇ ਵੀ ਹਿੱਸੇ ’ਚ ਅੱਤਵਾਦ, ਦੰਗੇ, ਅਰਾਜਕਤਾ ਅਤੇ ਅਮਨ-ਕਾਨੂੰਨ ਦੀ ਸਥਿਤੀ ਪੈਦਾ ਹੁੰਦੀ ਹੈ, ਤਾਂ ਦੁਨੀਆ ਸ਼ਾਂਤੀ ਦੀ ਮੰਗ ਕਰਦੀ ਹੈ ਅਤੇ ਉੱਤਰ ਪ੍ਰਦੇਸ਼ ’ਚ ਮਹਾਰਾਜ ਵੱਲੋਂ ਸਥਾਪਿਤ ਕਾਨੂੰਨ ਵਿਵਸਥਾ ਦੇ ਬਦਲਾਅ ਵਾਲੇ ‘ਯੋਗੀ ਮਾਡਲ’ ਨੂੰ ਤਰਸਦੀ ਹੈ।

ਲੁੱਟ-ਖੋਹ ’ਤੇ ਉਤਾਰੂ ਹਨ ਦੰਗਾਕਾਰੀ

ਪ੍ਰਦਰਸ਼ਨਕਾਰੀ ਇਸ ਸਮੇਂ ਸਭ ਕੁਝ ਸਾੜਨ ’ਤੇ ਤੁਲੇ ਹੋਏ ਹਨ, ਹੁਣ ਉਨ੍ਹਾਂ ਤੋਂ ਕੁਝ ਵੀ ਸੁਰੱਖਿਅਤ ਨਹੀਂ ਹੈ। ਫਰਾਂਸ ਵਿਚ ਦੰਗਿਆਂ ਨੂੰ ਰੋਕਣ ਲਈ 50,000 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਪਰ ਪ੍ਰਦਰਸ਼ਨਕਾਰੀ ਕਿਸੇ ਤੋਂ ਡਰਦੇ ਨਹੀਂ ਹਨ। ਉਹ ਲੁੱਟ-ਖੋਹ ’ਤੇ ਉਤਾਰੂ ਹਨ, ਭਾਵੇਂ ਇਸ ਦੇ ਲਈ ਇਕ ਤੇਜ਼ ਰਫ਼ਤਾਰ ਕਾਰ ਨਾਲ ਸ਼ਾਪਿੰਗ ਮਾਲ ਦੇ ਗੇਟ ਨੂੰ ਤੋੜਨਾ ਕਿਉਂ ਨਾ ਪਵੇ। ਪ੍ਰਦਰਸ਼ਨਕਾਰੀ ਦਰਵਾਜ਼ਾ ਤੋੜਨ ਲਈ ਵਾਹਨ ਦੀ ਵਰਤੋਂ ਕਰਦੇ ਹਨ ਅਤੇ ਜਿਵੇਂ ਹੀ ਦਰਵਾਜ਼ਾ ਤੋੜਿਆ ਜਾਂਦਾ ਹੈ, ਭੀੜ ਅੰਦਰ ਆਉਣੀ ਸ਼ੁਰੂ ਹੋ ਜਾਂਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ : ਮਾਰੇ ਗਏ ਨਾਬਾਲਗ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ, ਕੈਰੇਬੀਅਨ ਦੇਸ਼ਾਂ ਤੱਕ ਪਹੁੰਚੀ ਹਿੰਸਾ ਦੀ ਅੱਗ

ਰਾਸ਼ਟਰਪਤੀ ਮੈਕਰੋਂ ਨੇ ਲੋਕਾਂ ਨੂੰ ਕੀਤੀ ਸ਼ਾਂਤੀ ਦੀ ਅਪੀਲ

ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਮਾਪਿਆਂ ਨੂੰ ਆਪਣੇ ਲੜਕਿਆਂ ਨੂੰ ਘਰ ਵਿਚ ਰੱਖਣ ਦੀ ਅਪੀਲ ਕੀਤੀ ਅਤੇ ਪੂਰੇ ਫਰਾਂਸ ਵਿਚ ਫੈਲ ਰਹੇ ਦੰਗਿਆਂ ਨੂੰ ਰੋਕਣ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਦਾ ਪ੍ਰਸਤਾਵ ਦਿੱਤਾ। ਸੀਨੀਅਰ ਮੰਤਰੀਆਂ ਨਾਲ ਦੂਜੀ ਐਮਰਜੈਂਸੀ ਮੀਟਿੰਗ ਤੋਂ ਬਾਅਦ ਮੈਕਰੋਂ ਨੇ ਕਿਹਾ ਕਿ ‘ਸਨੈਪਚੈਟ’ ਅਤੇ ‘ਟਿਕ-ਟਾਕ’ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਇਸ ਹਫ਼ਤੇ ਹਿੰਸਾ ਦੀਆਂ ਕਾਰਵਾਈਆਂ ਨੂੰ ਵਧਾਉਣ ਵਿਚ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਸਭ ਤੋਂ ਸੰਵੇਦਨਸ਼ੀਲ ਸਮੱਗਰੀ ਨੂੰ ਹਟਾਉਣ’ ਲਈ ਪ੍ਰਕਿਰਿਆਵਾਂ ਸਥਾਪਤ ਕਰਨ ਲਈ ਤਕਨਾਲੋਜੀ ਕੰਪਨੀਆਂ ਨਾਲ ਕੰਮ ਕਰੇਗੀ। ਇਸ ਦੌਰਾਨ ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮੇਨਿਨ ਨੇ ਦੇਸ਼ ਭਰ ਦੀਆਂ ਸਾਰੀਆਂ ਜਨਤਕ ਬੱਸਾਂ ਅਤੇ ਟਰਾਮਾਂ ਨੂੰ ਰਾਤ ਸਮੇਂ ਬੰਦ ਕਰਨ ਦੇ ਹੁਕਮ ਦਿੱਤੇ ਹਨ, ਜੋ ਦੰਗਾਕਾਰੀਆਂ ਦੇ ਨਿਸ਼ਾਨੇ ’ਤੇ ਹਨ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਨੈੱਟਵਰਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਹਿੰਸਾ ਨੂੰ ਉਤਸ਼ਾਹਿਤ ਕਰਨ ਲਈ ਇਸ ਨੂੰ ਮਾਧਿਅਮ ਵਜੋਂ ਵਰਤਣ ਦੀ ਇਜਾਜ਼ਤ ਨਾ ਦੇਣ। ਡਾਰਮੇਨਿਨ ਨੇ ਕਿਹਾ ਕਿ ਫ੍ਰੈਂਚ ਅਧਿਕਾਰੀ ਹਿੰਸਾ ਨੂੰ ਭੜਕਾਉਣ ਵਾਲਿਆਂ ਦੀ ਪਛਾਣ ਕਰਨ ਲਈ ਸੋਸ਼ਲ ਮੀਡੀਆ ਨੈਟਵਰਕ ਦੀ ਮਦਦ ਲੈ ਰਹੇ ਹਨ।

ਫ੍ਰੈਂਚ ਗੁਆਨਾ ’ਚ ਵੀ ਹੋ ਰਹੇ ਪ੍ਰਦਰਸ਼ਨ, ਕਾਇਨੇ ’ਚ ਦਿਸੇ ਧੂੰਏਂ ਦੇ ਗੁਬਾਰ

ਪੈਰਿਸ ਅਤੇ ਇਸ ਦੇ ਨੇੜਲੇ ਇਲਾਕਿਆਂ ’ਚ ਅੱਗ, ਗੋਲੀਬਾਰੀ ਅਤੇ ਲੁੱਟ-ਮਾਰ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਸਭ ਤੋਂ ਵੱਧ ਹਿੰਸਕ ਪ੍ਰਦਰਸ਼ਨ ਫ੍ਰੈਂਚ ਗੁਆਨਾ ਵਿਚ ਹੋ ਰਹੇ ਹਨ। ਇਥੇ ਇਕ ਪੁਲਸ ਅਧਿਕਾਰੀ ਗੋਲੀਬਾਰੀ ਦੀ ਲਪੇਟ ਵਿਚ ਆ ਗਿਆ, ਉਥੇ ਹੀ ਰਾਜਧਾਨੀ ਕਾਇਨੇ ਵਿਚ 54 ਸਾਲਾ ਸਰਕਾਰੀ ਕਰਮਚਾਰੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਕਾਲੇ ਧੂੰਏਂ ਦੇ ਗੁਬਾਰ ਕਾਇਨ ਦੇ ਨੇੜਲੇ ਖੇਤਰ ਤੋਂ ਉੱਠਦੇ ਵੇਖੇ ਗਏ, ਜਿਸ ਨਾਲ ਸੜਕਾਂ ਧੁੰਦਲੀਆਂ ਹੋ ਗਈਆਂ। ਦਰਅਸਲ, ਪੁਲਸ ਦੱਖਣੀ ਅਫਰੀਕਾ ਦੇ ਇਕ ਛੋਟੇ ਜਿਹੇ ਇਲਾਕੇ ਵਿਚ ਪ੍ਰਦਰਸ਼ਨਕਾਰੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਸੂਚਨਾ ਮਿਲੀ ਸੀ ਕਿ ਪ੍ਰਦਰਸ਼ਨਕਾਰੀ ਇਲਾਕੇ ਵਿਚ ਹੋਰ ਦੰਗਾ ਕਰਨ ਦੀ ਤਿਆਰੀ ਵਿਚ ਹਨ। ਇਸ ਸਬੰਧੀ ਅਧਿਕਾਰੀਆਂ ਨੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News