ਫਰਾਂਸ ''ਚ ਹਿੰਸਕ ਹੋਇਆ ਪ੍ਰਦਰਸ਼ਨ, ਐਮਰਜੈਂਸੀ ਲਾਗੂ ਕਰਨ ''ਤੇ ਵਿਚਾਰ

Sunday, Dec 02, 2018 - 04:24 PM (IST)

ਫਰਾਂਸ ''ਚ ਹਿੰਸਕ ਹੋਇਆ ਪ੍ਰਦਰਸ਼ਨ, ਐਮਰਜੈਂਸੀ ਲਾਗੂ ਕਰਨ ''ਤੇ ਵਿਚਾਰ

ਪੈਰਿਸ (ਬਿਊਰੋ)— ਫਰਾਂਸ ਵਿਚ ਬਾਲਣ ਦੀਆਂ ਵੱਧਦੀਆਂ ਕੀਮਤਾਂ ਵਿਰੁੱਧ ਲੋਕਾਂ ਦਾ ਪ੍ਰਦਰਸ਼ਨ ਹਿੰਸਕ ਹੋ ਗਿਆ ਹੈ। ਜਾਣਕਾਰੀ ਮੁਤਾਬਕ ਪ੍ਰਦਰਸ਼ਨ ਦੌਰਾਨ 100 ਤੋਂ ਜ਼ਿਆਦਾ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ ਹਨ। ਇਸ ਮਾਮਲੇ ਵਿਚ ਪੁਲਸ ਹੁਣ ਤੱਕ 280 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਸਥਿਤੀ ਇੰਨੀ ਖਰਾਬ ਹੋ ਚੁੱਕੀ ਹੈ ਕਿ ਸ਼ਨੀਵਾਰ ਨੂੰ ਕੁਝ ਨੌਜਵਾਨਾਂ ਨੇ ਸੈਂਟਰਲ ਪੈਰਿਸ ਵਿਚ ਕਈ ਗੱਡੀਆਂ ਅਤੇ ਇਮਾਰਤਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਅਜਿਹੇ ਵਿਚ ਸਰਕਾਰ ਐਮਰਜੈਂਸੀ ਲਾਗੂ ਕਰਨ 'ਤੇ ਵਿਚਾਰ ਕਰ ਰਹੀ ਹੈ। ਇਹ ਜਾਣਕਾਰੀ ਫਰਾਂਸ ਸਰਕਾਰ ਦੇ ਬੁਲਾਰੇ ਬੇਂਜਮਿਨ ਗ੍ਰੀਵੋਕਸ ਨੇ ਦਿੱਤੀ।

ਗ੍ਰੀਵੋਕਸ ਨੇ ਕਿਹਾ,''ਸਾਨੂੰ ਕੁਝ ਅਜਿਹੀ ਕਾਰਵਾਈ ਕਰਨੀ ਹੋਵੇਗੀ ਕਿ ਅਜਿਹੀ ਹਰਕਤ ਦੁਬਾਰਾ ਨਾ ਹੋਵੇ।'' ਇੱਥੇ ਦੱਸ ਦਈਏ ਕਿ ਪੈਰਿਸ ਵਿਚ ਮਹਿੰਗਾਈ ਅਤੇ ਪੈਟਰੋਲ ਦੀਆਂ ਕੀਮਤਾਂ ਵਧਣ ਵਿਰੁੱਧ ਬੀਤੇ 2 ਹਫਤਿਆਂ ਤੋਂ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਪ੍ਰਦਰਸ਼ਨ ਨੂੰ 'ਯੇਲੋ ਵੇਸਟ' ਦਾ ਨਾਮ ਦਿੱਤਾ ਗਿਆ ਹੈ। ਪ੍ਰਦਰਸ਼ਨਕਾਰੀ ਪੀਲੇ ਰੰਗ ਦੀਆਂ ਵੇਸਟ ਪਹਿਨ ਕੇ ਪ੍ਰਦਰਸ਼ਨ ਕਰ ਰਹੇ ਹਨ। ਇਸ ਪ੍ਰਦਰਸ਼ਨ ਦੇ ਤਹਿਤ ਫਰਾਂਸ ਵਿਚ ਪੁਲਸ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਕਰੀਆਂ ਵਿਚਕਾਰ ਮੱਧ ਪੈਰਿਸ ਸਮੇਤ ਕਈ ਇਲਾਕਿਆਂ ਵਿਚ ਝੜਪ ਹੋਈ। ਹਿੰਸਕ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਪੱਥਰਬਾਜ਼ੀ ਕੀਤੀ। ਸਥਿਤੀ ਸੰਭਾਲਣ ਲਈ ਪੁਲਸ ਨੂੰ ਹੰਝੂ ਗੈਸ ਦੇ ਗੋਲੇ ਛੱਡਣੇ ਪਏ।

ਉੱਧਰ ਫਰਾਂਸ਼ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਕਿਸੇ ਹੀ ਹਾਲਤ ਵਿਚ ਹਿੰਸਾ ਬਰਦਾਸ਼ਤ ਨਹੀਂ ਕਰਨਗੇ। ਇਸ ਮਾਮਲੇ ਸਬੰਧੀ ਰਾਸ਼ਟਰਪਤੀ ਮੈਕਰੋਂ ਪ੍ਰਧਾਨ ਮੰਤਰੀ ਅਤੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਨਾਲ ਐਤਵਾਰ ਨੂੰ ਮੀਟਿੰਗ ਕਰਨਗੇ। ਇਸ ਮੀਟਿੰਗ ਵਿਚ ਦੰਗਾ ਭੜਕਾਉਣ ਵਾਲਿਆਂ ਨਾਲ ਨਜਿੱਠਣ ਅਤੇ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਗੱਲਬਾਤ ਦਾ ਰਸਤਾ ਕੱਢਣ 'ਤੇ ਚਰਚਾ ਹੋਵੇਗੀ। ਪਰੇਸ਼ਾਨੀ ਇਸ ਗੱਲ ਦੀ ਹੈ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਦਾ ਕੋਈ ਚਿਹਰਾ ਨਹੀਂ ਹੈ ਜਿਸ ਨਾਲ ਸਰਕਾਰ ਗੱਲ ਕਰ ਸਕੇ।


author

Vandana

Content Editor

Related News