ਪੈਗੰਬਰ ਦੇ ਕਾਰਟੂਨ ਦਾ ਸਮਰਥਨ ਨਹੀਂ ਪਰ ਹਿੰਸਾ ਨਹੀਂ ਕਰਾਂਗੇ ਬਰਦਾਸ਼ਤ : ਫ੍ਰਾਂਸੀਸੀ ਰਾਸ਼ਟਰਪਤੀ
Sunday, Nov 01, 2020 - 06:00 PM (IST)

ਪੈਰਿਸ (ਬਿਊਰੋ): ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਸ਼ਨੀਵਾਰ ਨੂੰ ਕਿਹਾ ਕਿ ਜਿਹੜੇ ਮੁਸਲਿਮ ਪੈਗੰਬਰ ਮੁਹੰਮਦ ਦੇ ਕਾਰਟੂਨ ਨੂੰ ਲੈ ਕੇ ਪਰੇਸ਼ਾਨ ਹਨ ਉਹ ਉਹਨਾਂ ਦਾ ਸਨਮਾਨ ਕਰਦੇ ਹਨ ਪਰ ਇਸ ਆਧਾਰ 'ਤੇ ਹਿੰਸਾ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ। ਦੇਸ਼ ਵਿਚ ਪਿਛਲੇ ਦੋ ਹਫਤੇ ਵਿਚ ਹੋਏ ਹਮਲਿਆਂ ਦੇ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਹੈ। ਪੈਰਿਸ ਵਿਚ ਇਕ ਸਕੂਲ ਟੀਚਰ ਦੇ ਬਾਅਦ ਨਾਈਸ ਦੇ ਚਰਚ ਵਿਚ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਸ਼ਨੀਵਾਰ ਨੂੰ ਲਿਓਨ ਵਿਚ ਇਕ ਪਾਦਰੀ ਨੂੰ ਗੋਲੀ ਮਾਰ ਦਿੱਤੀ ਗਈ।
ਸੈਨਾ ਦੀ ਤਾਇਨਾਤੀ
ਮੈਕਰੋਂ ਨੇ ਦੇਸ਼ ਭਰ ਵਿਚ ਤਾਇਨਾਤ ਸੈਨਿਕਾਂ ਦੀ ਗਿਣਤੀ ਦੁੱਗਣੀ ਕਰ ਦਿੱਤੀ ਹੈ। ਖਾਸ ਕਰ ਕੇ ਸਕੂਲਾਂ ਅਤੇ ਪੂਜਾ ਸਥਲਾਂ ਦੇ ਨੇੜੇ ਸੈਨਿਕਾਂ ਨੂੰ ਤਾਇਨਾਤ ਕੀਤਾ ਗਿਆ ਹੈ। ਕਿਉਂਕਿ ਦੂਜੇ ਇਸਲਾਮਿਕ ਅੱਤਵਾਦੀ ਹਮਲਿਆਂ ਦੀ ਚਿਤਾਵਨੀ ਦਿੱਤੀ ਗਈ ਹੈ। ਪੈਗੰਬਰ ਮੁਹੰਮਦ ਦੇ ਕਾਰਟੂਨ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਦੇ ਬਾਅਦ ਦੁਨੀਆ ਭਰ ਦੇ ਮੁਸਲਿਮਾਂ ਖਾਸ ਕਰਕੇ ਮੁਸਲਿਮਾ ਦੇਸ਼ਾਂ ਦਾ ਨਿਸ਼ਾਨਾ ਬਣੇ ਮੈਕਰੋਂ ਨੇ ਅਲ ਜਜ਼ੀਰਾ ਨੂੰ ਇੰਟਰਵਿਊ ਦੇ ਕੇ ਸਫਾਈ ਦੇਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਫਰਾਂਸ ਦੇ ਉਦੇਸ਼ ਨੂੰ ਗਲਤ ਸਮਝਿਆ ਜਾ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼ ਪੀ.ਐੱਮ. ਨੇ ਇਕ ਮਹੀਨੇ ਦੀ ਤਾਲਬੰਦੀ ਦੀ ਕੀਤੀ ਘੋਸ਼ਣਾ
ਨਹੀਂ ਝੁਕੇਗਾ ਫਰਾਂਸ
ਮੈਕਰੋਂ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਫਰਾਂਸ ਹਿੰਸਾ ਦੇ ਸਾਹਮਣੇ ਨਹੀਂ ਝੁਕੇਗਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਕਰੇਗਾ, ਜਿਸ ਵਿਚ ਕਾਰਟੂਨਾਂ ਦਾ ਛਪਣਾ ਵੀ ਸ਼ਾਮਲ ਹੈ। ਭਾਵੇਂਕਿ ਉਹਨਾਂ ਨੇ ਸਾਫ ਕੀਤਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਜਾਂ ਉਹਨਾਂ ਦੇ ਅਧਿਕਾਰੀ ਪੈਗੰਬਰ ਦੇ ਕਾਰਟੂਨ ਦਾ ਸਮਰਥਨ ਕਰਦੇ ਹਨ ਜਿਹਨਾਂ ਨੂੰ ਮੁਸਲਿਮ ਈਸ਼ਨਿੰਦਾ ਮੰਨਦੇ ਹਨ ਅਤੇ ਨਾ ਹੀ ਫਰਾਂਸ ਮੁਸਲਿਮ ਵਿਰੋਧੀ ਹੈ।
ਹਿੰਸਾ ਸਵੀਕਾਰ ਨਹੀਂ
ਮੈਕਰੋਂ ਨੇ ਕਿਹਾ ਕਿ ਮੈਂ ਸਮਝਦਾ ਹਾਂ ਅਤੇ ਸਨਮਾਨ ਕਰਦਾ ਹਾਂ ਕਿ ਲੋਕ ਇਹਨਾਂ ਕਾਰਟੂਨਾਂ ਤੋਂ ਪਰੇਸ਼ਾਨ ਹਨ ਪਰ ਮੈਂ ਇਸ ਗੱਲ ਨੂੰ ਸਵੀਕਾਰ ਨਹੀਂ ਕਰਾਂਗਾ ਕਿ ਇਹਨਾਂ ਦੇ ਕਾਰਨ ਹਿੰਸਾ ਕੀਤੀ ਜਾ ਸਕਦੀ ਹੈ। ਮੈਂ ਆਪਣੇ ਦੇਸ਼ ਦੇ ਲਿਖਣ, ਸੋਚਣ ਅਤੇ ਡ੍ਰਾ ਕਰਨ ਦੇ ਅਧਿਕਾਰ ਦੀ ਰੱਖਿਆ ਕਰਾਂਗਾ।'' ਉਹਨਾਂ ਨੇ ਕਿਹਾ ਕਿ ਮੇਰੀ ਭੂਮਿਕਾ ਚੀਜ਼ਾਂ ਨੂੰ ਸ਼ਾਂਤ ਕਰਨ ਦੀ ਹੈ ਜੋ ਮੈਂ ਕਰ ਰਿਹਾ ਹਾਂ ਪਰ ਮੈਂ ਇਹਨਾਂ ਅਧਿਕਾਰਾਂ ਦਾ ਰੱਖਿਆ ਵੀ ਕਰਨੀ ਹੈ।