ਅਮਰੀਕਾ ਦੇ ਸ਼ਾਪਿੰਗ ਮਾਲ ''ਚ ਹੋਈ ਗੋਲੀਬਾਰੀ, 4 ਲੋਕ ਜ਼ਖਮੀ
Wednesday, Jul 03, 2019 - 01:34 PM (IST)

ਕੈਲੀਫੋਰਨੀਆ— ਅਮਰੀਕਾ ਦੇ ਸੂਬੇ ਸੈਨ ਫਰਾਂਸਿਸਕੋ ਦੇ ਸੈਨ ਬਰੂਨੋ 'ਚ ਸਥਿਤ ਇਕ ਸ਼ਾਪਿੰਗ ਮਾਲ 'ਚ ਗੋਲੀਬਾਰੀ ਹੋਈ। ਹਮਲੇ 'ਚ ਘੱਟ ਤੋਂ ਘੱਟ 4 ਲੋਕ ਜ਼ਖਮੀ ਹੋ ਗਏ ਜਦਕਿ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਜ਼ਖਮੀਆਂ ਦੀ ਗਿਣਤੀ 7 ਹੈ। ਹਾਲਾਂਕਿ ਇਸ ਘਟਨਾ ਬਾਰੇ ਅਜੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ। ਹਸਪਤਾਲ ਦੇ ਬੁਲਾਰੇ ਬ੍ਰੇਂਟ ਐਂਡਰੀਊ ਮੁਤਾਬਕ,''ਗੋਲੀਆਂ ਲੱਗਣ ਕਾਰਨ ਦੋ ਜ਼ਖਮੀਆਂ ਨੂੰ ਸੈਨ ਫਰਾਂਸਿਸਕੋ ਜਨਰਲ ਹਸਪਤਾਲ ਐਂਡ ਟ੍ਰਾਮਾ ਸੈਂਟਰ 'ਚ ਲਿਆਂਦਾ ਗਿਆ, ਜਦਕਿ ਦੋ ਹੋਰ ਪੀੜਤਾਂ ਨੂੰ ਦੂਜੇ ਥਾਂ 'ਤੇ ਇਲਾਜ ਲਈ ਭੇਜਿਆ ਗਿਆ ਹੈ। ਗੋਲੀਬਾਰੀ ਮਗਰੋਂ ਇਲਾਕੇ 'ਚ ਪੁਲਸ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।''
ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਮਗਰੋਂ ਸ਼ਾਪਿੰਗ ਮਾਲ ਨੂੰ ਬੰਦ ਕਰ ਦਿੱਤਾ ਗਿਆ ਹੈ। ਇਕ ਵਿਅਕਤੀ ਨੇ ਦੱਸਿਆ ਕਿ ਉਸ ਨੂੰ 8 ਵਾਰ ਗੋਲੀ ਚੱਲਣ ਦੀਆਂ ਆਵਾਜ਼ਾਂ ਸੁਣੀਆਂ ਅਤੇ ਦੂਜੀ ਮੰਜ਼ਲ 'ਤੇ ਘੱਟ ਤੋਂ ਘੱਟ ਦੋ ਲੋਕਾਂ ਨੂੰ ਜ਼ਖਮੀ ਹਾਲਤ 'ਚ ਦੇਖਿਆ ਗਿਆ। ਉੱਥੇ ਹੀ ਤਿੰਨ ਵਿਅਕਤੀਆਂ ਦੇ ਹੱਥਾਂ 'ਚ ਹਥਕੜੀ ਲੱਗੀ ਹੋਈ ਸੀ। ਬੇਅ ਏਰੀਆ ਰੈਪਿਡ ਟ੍ਰਾਂਜ਼ਿਟ ਅਥਾਰਟੀ ਨੇ ਕਿਹਾ ਕਿ ਸ਼ੂਟਿੰਗ ਮਗਰੋਂ ਸੁਰੱਖਿਆ ਕਾਰਨਾਂ ਕਰਕੇ ਇਕ ਕੰਪਿਊਟਰ ਕੈਫੇ ਬੰਦ ਕਰ ਦਿੱਤਾ ਗਿਆ ਸੀ।