ਅਮਰੀਕਾ : ਮੱਧ ਮਿਆਦ ਦੀਆਂ ਚੋਣਾਂ ’ਚ ਭਾਰਤੀ ਮੂਲ ਦੇ 4 ਅਮਰੀਕੀ ਨੇਤਾ ਪ੍ਰਤੀਨਿਧੀ ਸਭਾ ਲਈ ਚੁਣੇ ਗਏ
Thursday, Nov 10, 2022 - 09:28 AM (IST)

ਵਾਸ਼ਿੰਗਟਨ(ਭਾਸ਼ਾ)- ਅਮਰੀਕਾ ਵਿਚ ਸੱਤਾਧਿਰ ਡੈਮੋਕ੍ਰੇਟਿਵ ਪਾਰਟੀ ਦੇ 4 ਭਾਰਤੀ-ਅਮਰੀਕੀ ਨੇਤਾ ਬੁੱਧਵਾਰ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਅਤੇ ਕਈ ਹੋਰਨਾਂ ਨੇ ਦੇਸ਼ਭਰ ਵਿਚ ਮੱਧ ਮਿਆਦ ਦੀਆਂ ਚੋਣਾਂ ਵਿਚ ਸੂਬਾਈ ਵਿਧਾਨਮੰਡਲਾਂ ਲਈ ਜਿੱਤ ਹਾਸਲ ਕੀਤੀ। ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਭਾਰਤੀ ਮੂਲ ਦੇ ਨੇਤਾਵਾਂ ਵਿਚ ਰਾਜਾ ਕ੍ਰਿਸ਼ਨਮੂਰਤੀ, ਰੋ ਖੰਨਾ ਅਤੇ ਪ੍ਰਮਿਲਾ ਜੈਪਾਲ ਸ਼ਾਮਲ ਹਨ। ਭਾਰਤੀ-ਅਮਰੀਕੀ ਉੱਦਮੀ ਤੋਂ ਨੇਤਾ ਬਣੇ ਅਤੇ ਡੈਮੋਕ੍ਰੇਟਿਕ ਪਾਰਟੀ ਨਾਲ ਸਬੰਧਤ ਸ੍ਰੀ ਥਾਨੇਦਾਰ ਰਿਪਬਲੀਕਨ ਪਾਰਟੀ ਉਮੀਦਵਾਰ ਮਾਰਟੇਲ ਬਿਵਿੰਗਸ ਨੂੰ ਮਾਤ ਦਿੰਦੇ ਹੋਏ ਮਿਸ਼ੀਗਨ ਤੋਂ ਕਾਂਗਰਸ (ਸੰਸਦ) ਦਾ ਚੋਣ ਜਿੱਤਣ ਵਾਲੇ ਪਹਿਲਾਂ ਭਾਰਤੀ-ਅਮਰੀਕੀ ਬਣੇ। ਥਾਨੇਦਾਰ (67 ਸਾਲ) ਮੌਜੂਦਾ ਸਮੇਂ ਵਿਚ ਮਿਸ਼ੀਗਨ ਹਾਊਸ ਵਿਚ ਤੀਸਰੇ ਜ਼ਿਲੇ ਦੀ ਅਗਵਾਈ ਕਰਦੇ ਹਨ।
ਇਹ ਵੀ ਪੜ੍ਹੋ: ਦੁਨੀਆ ਨੂੰ ਤਬਾਹ ਕਰਨ ਦੇ ਰਾਹ ਤੁਰੇ ਚੀਨ-ਪਾਕਿ, ਬਣਾ ਰਹੇ ਕੋਰੋਨਾ ਤੋਂ ਵਧੇਰੇ ਖ਼ਤਰਨਾਕ ਵਾਇਰਸ
ਇਲੀਨਾਈਸ ਦੇ 8ਵੇਂ ਕਾਂਗਰਸ ਜ਼ਿਲੇ ਵਿਚ 49 ਸਾਲਾ ਰਾਜਾ ਕ੍ਰਿਸ਼ਨਮੂਰਤੀ ਲਗਾਤਾਰ ਚੌਥੇ ਕਾਰਜਕਾਲ ਲਈ ਫਿਰ ਤੋਂ ਚੁਣੇ ਗਏ। ਉਨ੍ਹਾਂ ਨੇ ਰਿਪਬਲੀਕਨ ਪਾਰਟੀ ਉਮੀਦਵਾਰ ਕ੍ਰਿਸ ਡਾਰਗਿਸ ਨੂੰ ਹਰਾਇਆ। ਸਿਲੀਕਾਨ ਵੈਲੀ ਵਿਚ, ਭਾਰਤੀ-ਅਮਰੀਕੀ ਰੋ ਖੰਨਾ (46) ਨੇ ਕੈਲੀਫੋਰਨੀਆ ਦੇ 17ਵੇਂ ਕਾਂਗਰਸ ਜ਼ਿਲੇ ਵਿਚ ਰਿਪਬਲੀਕਨ ਪਾਰਟੀ ਉਮੀਦਵਾਰ ਰਿਤੇਸ਼ ਟੰਡਨ ਨੂੰ ਹਰਾਇਆ। ਪ੍ਰਤੀਨਿਧੀ ਸਭਾ ਵਿਚ ਇਕਮਾਤਰ ਭਾਰਤੀ-ਅਮਰੀਕੀ ਮਹਿਲਾ ਸੰਸਦ ਮੈਂਬਰ ਚੇਨਈ ਵਿਚ ਜਨਮੀ ਪ੍ਰਮਿਲਾ ਜੈਪਾਲ ਨੇ ਵਾਸ਼ਿੰਗਟਨ ਸੂਬੇ ਦੇ 7ਵੇਂ ਕਾਂਗਰਸ ਜ਼ਿਲੇ ਵਿਚ ਆਪਣੇ ਮੁਕਾਬਲੇਬਾਜ਼ ਕਲਿਫ ਮੂਨ ਨੂੰ ਹਰਾਇਆ। ਖੰਨਾ, ਕ੍ਰਿਸ਼ਨਮੂਰਤੀ ਅਤੇ ਜੈਪਾਲ ਲਗਾਤਾਰ ਚੌਥੇ ਕਾਰਜਕਾਲ ਲਈ ਚੋਣਾਂ ਲੜ ਰਹੇ ਸਨ।
ਇਹ ਵੀ ਪੜ੍ਹੋ: ਰੂਸ ਤੋਂ ਤੇਲ ਖ਼ਰੀਦਣਾ ਸਾਡੇ ਫ਼ਾਇਦੇ ਦਾ ਸੌਦਾ- ਜੈਸ਼ੰਕਰ
ਭਾਰਤੀ-ਅਮਰੀਕੀ ਨੇਤਾਵਾਂ ’ਚ ਸਭ ਤੋਂ ਸੀਨੀਅਰ ਅਮੀ ਬੇਰਾ (57) ਕੈਲੀਫੋਰਨੀਆ ਦੇ 7ਵੇਂ ਕਾਂਗਰਸ ਜ਼ਿਲੇ ਦੇ ਪ੍ਰਤੀਨਿਧੀ ਸਭਾ ਵਿਚ 6ਵੇਂ ਕਾਰਜਕਾਲ ਲਈ ਚੋਣਾਂ ਲੜ ਰਹੇ ਹਨ। ਚੋਣ ਨਤੀਜੇ ਦਾ ਐਲਾਨ ਹੋਣੇ ਅਜੇ ਬਾਕੀ ਹੈ। ਭਾਰਤੀ-ਅਮਰੀਕੀ ਉਮੀਦਵਾਰਾਂ ਨੇ ਸੂਬਾਈ ਵਿਧਾਨਮੰਡਲਾਂ ਵਿਚ ਵੀ ਸੀਟਾਂ ’ਤੇ ਕਬਜ਼ਾ ਜਮਾਇਆ। ਮੈਰੀਲੈਂਡ ਵਿਚ ਅਰੁਣਾ ਮਿਲਰ ਨੇ ਲੈਫਟੀਨੈਂਟ ਗਵਰਨਰ ਦੀ ਦੌੜ ਜਿੱਤਣ ਵਾਲੀ ਪਹਿਲੀ ਭਾਰਤੀ-ਅਮਰੀਕੀ ਨੇਤਾ ਬਣਕੇ ਇਤਿਹਾਸ ਰਚਿਆ। ਹਾਲਾਂਕਿ, ਭਾਰਤੀ-ਅਮਰੀਕੀ ਸੰਦੀਪ ਸ਼੍ਰੀਵਾਸਤਵ ਟੈਕਸਾਸ ਦੇ ਤੀਸਰੇ ਕਾਂਗਰਸ ਜ਼ਿਲੇ ਤੋਂ ਕਾਲਿਨ ਕਾਊਂਟੀ ਦੇ ਸਾਬਕਾ ਜੱਜ ਕੀਥ ਸੈਲਫ ਤੋਂ ਹਾਰ ਗਏ।
ਡੈਮੋਕ੍ਰੇਟਿਕ ਪਾਰਟੀ ਦਾ ਹੈਰਾਨ ਕਰਨ ਵਾਲਾ ਪ੍ਰਦਰਸ਼ਨ, ਸੰਸਦ ’ਤੇ ਕੰਟਰੋਲ ਅਜੇ ਸਪਸ਼ਟ ਨਹੀਂ
ਅਮਰੀਕੀ ਸੰਸਦ ‘ਕਾਂਗਰਸ’ ’ਤੇ ਕਿਸਦਾ ਕੰਟਰੋਲ ਹੋਵੇਗਾ, ਇਸਨੂੰ ਲੈ ਕੇ ਬੁੱਧਵਾਰ ਤੜਕੇ ਤੱਕ ਸਥਿਤੀ ਸਪਸ਼ਟ ਨਹੀਂ ਹੋ ਸਕੀ ਅਤੇ ਰਿਪਬਲੀਕਨ ਪਾਰਟੀ ਦੀਆਂ ਉਮੀਦਾਂ ਨੂੰ ਝਟਕਾ ਦਿੰਦੇ ਹੋਏ ਡੈਮੋਕ੍ਰੇਟਿਕ ਪਾਰਟੀ ਨੇ ਕਈ ਥਾਵਾਂ ’ਤੇ ਸਖਤ ਮੁਕਾਬਲੇ ਵਿਚ ਹੈਰਾਨਜਨਕ ਤੌਰ ’ਤੇ ਤਾਕਤ ਦਿਖਾਈ। ਪਾਰਟੀ ਦੇ ਇਸ ਪ੍ਰਦਰਸ਼ਨ ਨੇ ਉਨ੍ਹਾਂ ਅਟਕਲਾਂ ਨੂੰ ਵੀ ਖਾਰਿਜ ਕਰ ਦਿੱਤਾ ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਮਹਿੰਗਾਈ ਦੀ ਉੱਚੀ ਦਰ ਅਤੇ ਰਾਸ਼ਟਰਪਤੀ ਜੋ ਬਾਈਡੇਨ ਦੀ ਘਟਦੀ ਲੋਕਪ੍ਰਿਯਤਾ ਨਾਲ ਚੋਣਾਂ ਵਿਚ ਪਾਰਟੀ ਨੂੰ ਨੁਕਸਾਨ ਹੋਵੇਗਾ। ਡੈਮੋਕ੍ਰੇਟਸ ਲਈ ਸਭ ਤੋਂ ਖੁਸ਼ੀ ਦੇਣ ਵਾਲੀਆਂ ਖਬਰਾਂ, ਜਾਨ ਫੇਟਰਮੈਨ ਨੇ ਰਿਪਬਲੀਕਨ-ਕੰਟਰੋਲ ਸੀਨੇਟ ਸੀਟ ’ਤੇ ਬਾਜ਼ੀ ਪਲਟ ਦਿੱਤੀ। ਇਹ ਸਦਨ ’ਤੇ ਕੰਟਰੋਲ ਬਣਾਈ ਰੱਖਣ ਦੀਆਂ ਪਾਰਟੀ ਦੀਆਂ ਉਮੀਦਾਂ ਦੀ ਕੁੰਜੀ ਹੈ। ਵਿਸਕਾਨਸਿਨ, ਨੇਵਾਡਾ, ਜਾਰਜੀਆ ਅਤੇ ਐਰੀਜੋਨਾ ਵਿਚ ਅਹਿਮ ਸੀਨੇਟ ਸੀਟਾਂ ਲਈ ਕੁਝ ਕਹਿਣਾ ਅਜੇ ਜਲਦਬਾਜ਼ੀ ਹੋਵੇਗੀ ਜੋ ਬਹੁਮਤ ਦਾ ਨਿਰਧਾਰਣ ਕਰ ਸਕਦੀ ਹੈ। ਇਸ ਦਰਮਿਆਨ, ਪ੍ਰਤੀਨਿਧੀ ਸਭਾ ਵਿਚ ਡੈਮੋਕ੍ਰੇਟਸ ਨੇ ਵਰਜੀਨੀਆ ਤੋਂ ਕੰਨਸਾਸ ਤੋਂ ਲੈਕੇ ਰੋਡ ਆਈਲੈਂਡ ਤੱਕ ਦੇ ਜ਼ਿਲਿਆਂ ਵਿਚ ਸੀਟਾਂ ਬਰਕਰਾਰ ਰੱਖੀਆਂ ਜਦਕਿ ਨਿਊਯਾਰਕ ਅਤੇ ਕੈਲੀਫੋਰਨੀਆ ਵਰਗੇ ਸੂਬਿਆਂ ਵਿਚ ਕਈ ਜ਼ਿਲਿਆਂ ਵਿਚ ਸਥਿਤੀ ਅਜੇ ਸਪਸ਼ਟ ਨਹੀਂ ਹੈ। ਗਵਰਨਰ ਲਈ ਦੌੜ ਵਿਚ ਵੀ ਕਈ ਥਾਂ ਡੈਮੋਕ੍ਰੇਟਸ ਸਫਲ ਰਹੇ, ਵਿਸਕਾਨਸਿਨ, ਮਿਸ਼ੀਗਨ ਅਤੇ ਪੇਂਸਿਲਵੇਨੀਆ ਵਿਚ ਉਨ੍ਹਾਂ ਜਿੱਤ ਮਿਲੀ। ਇਹ ਉਹ ਥਾਵਾਂ ਹਨ ਜੋ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਬਾਈਡੇਨ ਦੀ 2020 ਦੀ ਜਿੱਤ ਵਿਚ ਅਹਿਮ ਰਹੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।