ਆਸਟ੍ਰੇਲੀਆ : ਵਿਆਹ ਸਮਾਗਮ 'ਚ ਪੁਲਸ ਵਾਲਿਆਂ ਨੂੰ ਜ਼ਖਮੀ ਕਰਨ ਵਾਲੇ ਦੋਸ਼ੀ ਕਾਬੂ
Sunday, Oct 06, 2019 - 01:38 PM (IST)

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਇਕ ਵਿਆਹ ਸਮਾਗਮ ਦੌਰਾਨ ਕੁੱਝ ਲੋਕਾਂ ਦੀ ਆਪਸ 'ਚ ਲੜਾਈ ਹੋ ਗਈ। ਇਨ੍ਹਾਂ ਲੋਕਾਂ ਨੂੰ ਲੜਨ ਤੋਂ ਹਟਾਉਣ ਲਈ ਪੁਲਸ ਨੂੰ ਫੋਨ ਕਰਕੇ ਬੁਲਾਇਆ ਗਿਆ ਪਰ ਲੜ ਰਹੇ ਵਿਅਕਤੀਆਂ ਨੇ ਪੁਲਸ ਅਧਿਕਾਰੀਆਂ 'ਤੇ ਹੀ ਧਾਵਾ ਬੋਲ ਦਿੱਤਾ। ਇਸ ਦੋਸ਼ ਤਹਿਤ 4 ਸ਼ੱਕੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ ਨੂੰ 7 ਕੁ ਵਜੇ ਬੈਂਕਸਟਾਊਨ ਦੇ 'ਦਿ ਹਾਈਲਾਈਨ ਵੈਨਿਊ' 'ਚ ਵਿਆਹ ਦੀ ਰਿਸੈਪਸ਼ਨ ਪਾਰਟੀ ਹੋ ਰਹੀ ਸੀ। ਇੱਥੇ ਕੁੱਝ ਵਿਅਕਤੀਆਂ ਦੀ ਆਪਸ 'ਚ ਲੜਾਈ ਹੋ ਗਈ । ਲੜਾਈ ਵਧਦੀ ਦੇਖ ਪੁਲਸ ਨੂੰ ਸੱਦਿਆ ਗਿਆ ਪਰ ਲੜ ਰਹੇ ਵਿਅਕਤੀਆਂ ਨੇ ਪੁਲਸ 'ਤੇ ਹੀ ਹਮਲਾ ਕਰ ਦਿੱਤਾ। ਇਸ ਦੌਰਾਨ ਇਕ ਸੀਨੀਅਰ ਕਾਂਸਟੇਬਲ ਦੇ ਮੋਢੇ 'ਤੇ ਸੱਟ ਲੱਗ ਗਈ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਕ ਹੋਰ ਅਧਿਕਾਰੀ 'ਤੇ ਮਿਰਚਾਂ ਵਾਲੀ ਸਪ੍ਰੇਅ ਕੀਤੀ ਗਈ।
ਅਜੇ ਇਹ ਪਤਾ ਨਹੀਂ ਲੱਗਾ ਕਿ ਵਿਅਕਤੀਆਂ ਵਿਚਕਾਰ ਕਿਸ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਜਾਣਕਾਰੀ ਮੁਤਾਬਕ ਇਨ੍ਹਾਂ ਸ਼ੱਕੀਆਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤੇ 30 ਅਕਤੂਬਰ ਨੂੰ ਬੈਂਕਸਟਾਊਨ ਦੀ ਲੋਕਲ ਅਦਾਲਤ 'ਚ ਪੇਸ਼ੀ ਲਈ ਸੱਦਿਆ ਗਿਆ ਹੈ।