ਸਾਬਕਾ ਅਮਰੀਕੀ ਉਪ ਰਾਸ਼ਟਰਪਤੀ ਨੇ ਟਰੰਪ ਨੂੰ ਅਸਤੀਫਾ ਦੇਣ ਦੀ ਦਿੱਤੀ ਸਲਾਹ

Friday, Aug 18, 2017 - 08:47 PM (IST)

ਵਾਸ਼ਿੰਗਟਨ — ਅਮਰੀਕਾ ਦੇ ਸਾਬਕਾ ਉਪ ਰਾਸ਼ਟਰਪਤੀ ਅਲ ਗੋਰ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ, ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਗੋਰ ਨੇ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਉਹ ਟਰੰਪ ਨੂੰ ਕੋਈ ਸਲਾਹ ਦੇ ਸਕਦੇ ਹਨ ਤਾਂ ਉਨ੍ਹਾਂ ਨੂੰ ਰਾਸ਼ਟਰਪਤੀ ਅਹੁੱਦੇ ਤੋਂ ਅਸਤੀਫਾ ਦੇਣ ਦੀ ਸਲਾਹ ਦਿੰਦੇ। 'ਪੋਲੀਟਿਕੋ' ਦੀ ਰਿਪੋਰਟ ਮੁਤਾਬਕ, ਸਾਬਕਾ ਉਪ ਰਾਸ਼ਟਰਪਤੀ ਓਬਾਮਾ ਪ੍ਰਸ਼ਾਸਨ ਦੀਆਂ ਕਈ ਮਹੱਤਵਪੂਰਣ ਨੀਤੀਆਂ ਖਾਰਜ ਕਰਨ ਦੇ ਟਰੰਪ ਦੇ ਫੈਸਲਿਆਂ ਦੀ ਨਿੰਦਾ ਕਰਦੇ ਰਹੇ ਹਨ। 
ਗੋਰ ਨੇ ਦਸੰਬਰ 'ਚ ਵਾਤਾਵਰਣ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਟਰੰਪ ਟਾਵਰ 'ਚ ਰਾਸ਼ਟਰਪਤੀ ਨਾਲ ਹੋਈ ਆਪਣੀ ਮੁਲਾਕਾਤ ਦੇ ਬਾਰੇ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ ਕਿਹਾ ਸੀ, ''ਅਸਲ 'ਚ ਮੈਨੂੰ ਲੱਗਾ ਕਿ ਸ਼ਾਇਦ ਉਨ੍ਹਾਂ ਨੂੰ ਸਮਝ ਆ ਜਾਵੇਗੀ।'' ਉਸ ਮੁਲਾਕਾਤ ਤੋਂ ਬਾਅਦ ਟਰੰਪ ਪੈਰਿਸ ਅੰਤਰ ਰਾਸ਼ਟਰੀ ਜਲਵਾਯੂ ਸਮਝੌਤੇ ਤੋਂ ਅਮਰੀਕਾ ਨੂੰ ਵੱਖ ਕਰ ਚੁੱਕੇ ਹਨ ਅਤੇ ਪਾਵਰ ਪਲਾਟਾਂ ਅਤੇ ਆਟੋਮੋਬਾਈਲਜ਼ ਨਾਲ ਗ੍ਰੀਨ ਹਾਊਸ ਨਿਕਾਸ ਰੋਕਣ ਲਈ ਵਾਤਾਵਰਣ ਸੁਰੱਖਿਆ ਏਜੰਸੀ ਦੇ ਨਿਯਮਾਂ ਨੂੰ ਰੱਦ ਕਰਨ ਦੇ ਲਈ ਵੀ ਫੈਸਲੇ ਲੈ ਚੁੱਕੇ ਹਨ। ਗੋਰ ਨੇ ਜੁਲਾਈ 'ਚ ਇਕ ਬਿਆਨ 'ਚ ਕਿਹਾ ਸੀ ਕਿ ਟਰੰਪ ਨੇ 'ਨਾਟੋ ਜਿਹੇ ਸਾਡੇ ਗਠਜੋੜਾਂ ਦਾ ਮਹੱਤਵ ਘੱਟ ਕਰ ਦਿੱਤਾ ਹੈ।' ਗੋਰ ਨੇ ਕਿਹਾ ਕਿ ਸਾਡੇ ਕੋਲ ਅਜਿਹਾ ਕਦੇ ਵੀ ਕੋਈ ਰਾਸ਼ਟਰਪਤੀ ਨਹੀਂ ਰਿਹਾ ਹੈ, ਜਿਹੜਾ ਜਾਣ-ਬੁਝ ਕੇ ਅਜਿਹੇ ਫੈਸਲੇ ਲੈਂਦਾ ਹੈ, ਜਿਨ੍ਹਾਂ ਨਾਲ ਦੁਨੀਆ 'ਚ ਅਮਰੀਕਾ ਦੀ ਹੈਸੀਅਤ ਕਮਜ਼ੋਰ ਹੁੰਦੀ ਹੈ। ਵ੍ਹਾਈਟ ਹਾਊਸ ਨੇ ਟਰੰਪ ਨੂੰ ਦਿੱਤੀ ਗਈ ਗੋਰ ਦੀ ਸਲਾਹ 'ਤੇ ਫਿਲਹਾਲ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।


Related News