ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਰਾਜਪਕਸ਼ੇ ਸਿੰਗਾਪੁਰ ਤੋਂ ਥਾਈਲੈਂਡ ਲਈ ਹੋਏ ਰਵਾਨਾ
Thursday, Aug 11, 2022 - 06:57 PM (IST)
ਸਿੰਗਾਪੁਰ (ਏਜੰਸੀ)- ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਵੀਰਵਾਰ ਨੂੰ ਆਪਣੇ ਥੋੜ੍ਹੇ ਸਮੇਂ ਦੇ ਯਾਤਰਾ ਪਾਸ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਸਿੰਗਾਪੁਰ ਤੋਂ ਥਾਈਲੈਂਡ ਲਈ ਰਵਾਨਾ ਹੋ ਗਏ। ਇਕ ਖ਼ਬਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਾਜਪਕਸ਼ੇ ਸਿੰਗਾਪੁਰ ਤੋਂ ਬੈਂਕਾਕ ਲਈ ਫਲਾਈਟ ਵਿੱਚ ਸਵਾਰ ਹੋਏ। ਥਾਈਲੈਂਡ ਸਰਕਾਰ ਨੇ ਇੱਕ ਦਿਨ ਪਹਿਲਾਂ ਪੁਸ਼ਟੀ ਕੀਤੀ ਸੀ ਕਿ ਰਾਜਪਕਸ਼ੇ ਦੇ ਦੇਸ਼ ਦਾ ਦੌਰਾ ਕਰਨ ਲਈ ਸ਼੍ਰੀਲੰਕਾ ਦੀ ਮੌਜੂਦਾ ਸਰਕਾਰ ਤੋਂ ਬੇਨਤੀ ਪ੍ਰਾਪਤ ਹੋਈ ਸੀ।
'ਦਿ ਸਟਰੇਟਸ ਟਾਈਮਜ਼' ਅਖ਼ਬਾਰ ਦੀ ਖ਼ਬਰ ਮੁਤਾਬਕ ਮੀਡੀਆ ਦੇ ਸਵਾਲਾਂ ਦੇ ਜਵਾਬ 'ਚ ਸਿੰਗਾਪੁਰ ਦੀ ਇਮੀਗ੍ਰੇਸ਼ਨ ਐਂਡ ਬਾਰਡਰ ਚੈਕ ਅਥਾਰਟੀ ਨੇ ਕਿਹਾ ਕਿ ਰਾਜਪਕਸ਼ੇ ਵੀਰਵਾਰ ਨੂੰ ਸਿੰਗਾਪੁਰ ਤੋਂ ਰਵਾਨਾ ਹੋ ਗਏ। ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਤ ਚਾਨ-ਓ-ਚਾ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਥਾਈ ਸਰਕਾਰ ਰਾਜਪਕਸ਼ੇ ਦੇ ਦੇਸ਼ ਵਿੱਚ ਅਸਥਾਈ ਰੂਪ ਵਿਚ ਰਹਿਣ ਲਈ ਸਹਿਮਤ ਹੋ ਗਈ ਹੈ ਅਤੇ ਇਸ ਦੌਰਾਨ ਰਾਜਪਕਸ਼ੇ ਕਿਸੇ ਤੀਜੇ ਦੇਸ਼ ਵਿੱਚ ਸਥਾਈ ਸ਼ਰਣ ਮਿਲਣ ਦੀ ਸੰਭਾਵਨਾਵਾਂ ਲੱਭਣਗੇ।
ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ 73 ਸਾਲਾ ਰਾਜਪਕਸ਼ੇ ਨੂੰ ਮਨੁੱਖੀ ਆਧਾਰ 'ਤੇ ਥਾਈਲੈਂਡ ਦੀ ਯਾਤਰਾ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਅਤੇ ਕਿਹਾ ਉਨ੍ਹਾਂ ਨੇ ਕਿਸੇ ਹੋਰ ਦੇਸ਼ ਵਿਚ ਸਥਾਈ ਸ਼ਰਣ ਦੀ ਭਾਲ ਦੌਰਾਨ ਇਸ ਦੇਸ਼ ਵਿੱਚ ਸਿਆਸੀ ਗਤੀਵਿਧੀਆਂ ਨਾ ਚਲਾਉਣ ਦਾ ਵਾਅਦਾ ਕੀਤਾ ਹੈ। ਜੁਲਾਈ ਵਿੱਚ ਸ਼੍ਰੀਲੰਕਾ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਦੇਸ਼ ਛੱਡਣ ਤੋਂ ਬਾਅਦ ਸਿੰਗਾਪੁਰ ਵਿੱਚ ਰਹਿ ਰਹੇ ਰਾਜਪਕਸ਼ੇ ਥਾਈਲੈਂਡ ਵਿੱਚ ਸ਼ਰਣ ਦੀ ਮੰਗ ਕਰ ਰਹੇ ਹਨ, ਕਿਉਂਕਿ ਉਨ੍ਹਾਂ ਦਾ ਸਿੰਗਾਪੁਰ ਵੀਜ਼ਾ ਵੀਰਵਾਰ ਨੂੰ ਖ਼ਤਮ ਹੋ ਗਿਆ ਹੈ। ਉਹ 13 ਜੁਲਾਈ ਨੂੰ ਮਾਲਦੀਵ ਪਹੁੰਚੇ ਸਨ ਅਤੇ ਫਿਰ ਸਿੰਗਾਪੁਰ ਚਲੇ ਗਏ, ਜਿੱਥੇ ਉਨ੍ਹਾਂ ਨੇ ਦੇਸ਼ ਦੇ ਆਰਥਿਕ ਸੰਕਟ ਨੂੰ ਲੈ ਕੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਅਸਤੀਫੇ ਦਾ ਐਲਾਨ ਕੀਤਾ ਸੀ।