ਖੁਫੀਆ ਵਿਭਾਗ ਦੇ ਸਾਬਕਾ ਮੁਖੀ ਨੇ ਸੁਲੇਮਾਨੀ ਦੇ ਕਤਲ ''ਚ ਇਜ਼ਰਾਈਲ ਦਾ ਹੱਥ ਹੋਣ ਦੀ ਕੀਤੀ ਪੁਸ਼ਟੀ
Tuesday, Dec 21, 2021 - 06:20 PM (IST)
ਯੇਰੂਸ਼ਲਮ (ਏ.ਪੀ.): ਇਜ਼ਰਾਈਲੀ ਮਿਲਟਰੀ ਇੰਟੈਲੀਜੈਂਸ ਦੇ ਸਾਬਕਾ ਮੁਖੀ ਦਾ ਕਹਿਣਾ ਹੈ ਕਿ ਜਨਵਰੀ 2020 ਵਿਚ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰਨ ਵਾਲੇ ਅਮਰੀਕੀ ਹਵਾਈ ਹਮਲੇ ਵਿਚ ਉਨ੍ਹਾਂ ਦਾ ਦੇਸ਼ ਵੀ ਸ਼ਾਮਲ ਸੀ। ਇਸ ਮੁਹਿੰਮ ਵਿਚ ਇਜ਼ਰਾਈਲ ਦੀ ਸ਼ਮੂਲੀਅਤ ਨੂੰ ਪਹਿਲੀ ਵਾਰ ਜਨਤਕ ਤੌਰ 'ਤੇ ਸਵੀਕਾਰ ਕੀਤਾ ਗਿਆ ਹੈ। ਸੁਲੇਮਾਨੀ ਈਰਾਨ ਦੇ ਰੈਵੋਲੂਸ਼ਨਰੀ ਗਾਰਡ ਦੀ ਕੁਦਸ ਫੋਰਸ ਦੇ ਮੁਖੀ ਸਨ ਅਤੇ ਵਿਦੇਸ਼ਾਂ ਵਿੱਚ ਅਰਧ ਸੈਨਿਕ ਬਲਾਂ ਨਾਲ ਈਰਾਨ ਦੇ ਸਬੰਧਾਂ ਦੀ ਜ਼ਿੰਮੇਵਾਰੀ ਲਈ ਸੀ।
ਉਹ ਜਨਵਰੀ 2020 ਵਿੱਚ ਬਗਦਾਦ ਹਵਾਈ ਅੱਡੇ 'ਤੇ ਇੱਕ ਅਮਰੀਕੀ ਡਰੋਨ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਵੀ ਆਲੇ-ਦੁਆਲੇ ਦੇ ਦੇਸ਼ਾਂ ਵਿਚ ਪੂਰੀ ਤਰ੍ਹਾਂ ਨਾਲ ਜੰਗ ਛਿੜਨ ਦਾ ਖਤਰਾ ਪੈਦਾ ਹੋ ਗਿਆ ਸੀ। ਹਵਾਈ ਹਮਲੇ ਦੇ ਇੱਕ ਹਫ਼ਤੇ ਬਾਅਦ ਐਨਬੀਸੀ ਨਿਊਜ਼ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਜ਼ਰਾਈਲੀ ਖੁਫੀਆ ਏਜੰਸੀਆਂ ਨੇ ਹਵਾਈ ਹਮਲੇ ਤੋਂ ਪਹਿਲਾਂ ਦਮਿਸ਼ਕ ਤੋਂ ਬਗਦਾਦ ਤੱਕ ਸੁਲੇਮਾਨੀ ਦੀ ਉਡਾਣ ਬਾਰੇ ਜਾਣਕਾਰੀ ਦੀ ਪੁਸ਼ਟੀ ਕਰਨ ਵਿੱਚ ਮਦਦ ਕੀਤੀ ਸੀ। ਇਸ ਸਾਲ ਦੇ ਸ਼ੁਰੂ ਵਿੱਚ ਯਾਹੂ ਨਿਊਜ਼ ਨੇ ਰਿਪੋਰਟ ਦਿੱਤੀ ਸੀ ਕਿ ਇਜ਼ਰਾਈਲ ਕੋਲ "ਸੁਲੇਮਾਨੀ ਬਾਰੇ ਜਾਣਕਾਰੀ ਸੀ" ਅਤੇ ਉਸ ਨੇ ਇਹ ਜਾਣਕਾਰੀ ਅਮਰੀਕਾ ਨੂੰ ਦਿੱਤੀ ਸੀ।
ਅਕਤੂਬਰ ਤੱਕ ਮਿਲਟਰੀ ਇੰਟੈਲੀਜੈਂਸ ਦੀ ਅਗਵਾਈ ਕਰਨ ਵਾਲੇ ਮੇਜਰ ਜਨਰਲ (ਸੇਵਾਮੁਕਤ) ਤਾਮੀਰ ਹੇਮਨ ਪਹਿਲੇ ਅਜਿਹੇ ਅਧਿਕਾਰੀ ਹਨ ਜਿਹਨਾਂ ਨੇ ਇਸ ਹਵਾਈ ਹਮਲੇ ਵਿੱਚ ਇਜ਼ਰਾਈਲ ਦੀ ਭੂਮਿਕਾ ਦੀ ਪੁਸ਼ਟੀ ਕੀਤੀ ਹੈ। ਹੇਮੈਨ ਦਾ ਬਿਆਨ ਇਜ਼ਰਾਈਲੀ ਖੁਫੀਆ ਵਿਭਾਗ ਨਾਲ ਨੇੜਿਓਂ ਜੁੜੇ 'ਹਿਬਰੂ' ਭਾਸ਼ਾ ਵਿੱਚ ਪ੍ਰਕਾਸ਼ਿਤ ਇੱਕ ਮੈਗਜ਼ੀਨ ਦੇ ਨਵੰਬਰ ਐਡੀਸ਼ਨ ਵਿੱਚ ਛਪਿਆ। ਉਸ ਦਾ ਇੰਟਰਵਿਊ ਫ਼ੌਜ ਤੋਂ ਸੇਵਾਮੁਕਤ ਹੋਣ ਤੋਂ ਕੁਝ ਹਫ਼ਤੇ ਪਹਿਲਾਂ ਸਤੰਬਰ ਵਿੱਚ ਲਿਆ ਗਿਆ ਸੀ। ਇੰਟਰਵਿਊ ਦੇ ਲੇਖਕ ਨੇ ਲਿਖਿਆ ਹੈ ਕਿ ਹੇਮੈਨ ਨੇ ਸੁਲੇਮਾਨੀ ਨੂੰ ਮਾਰਨ ਵਾਲੇ ਅਮਰੀਕੀ ਹਵਾਈ ਹਮਲੇ ਨਾਲ ਗੱਲਬਾਤ ਸ਼ੁਰੂ ਕੀਤੀ ਸੀ, ਜਿਸ ਵਿੱਚ ਇਜ਼ਰਾਈਲ ਨੇ ਵੀ ਭੂਮਿਕਾ ਨਿਭਾਈ ਸੀ।
ਪੜ੍ਹੋ ਇਹ ਅਹਿਮ ਖਬਰ -ਅਫਗਾਨਿਸਤਾਨ, ਗੁਆਂਢੀ ਦੇਸ਼ਾਂ ਦੀ ਮਦਦ ਲਈ ਅੱਗੇ ਆਇਆ ਜਾਪਾਨ, ਦੇਵੇਗਾ 109 ਮਿਲੀਅਨ ਅਮਰੀਕੀ ਡਾਲਰ
ਹੇਮੈਨ ਨੇ ਮੈਗਜ਼ੀਨ ਨੂੰ ਕਿਹਾ ਕਿ ਸੁਲੇਮਾਨੀ ਦਾ ਕਤਲ ਸਾਡੇ ਲਈ ਇੱਕ ਪ੍ਰਾਪਤੀ ਸੀ ਕਿਉਂਕਿ ਮੇਰੀ ਨਜ਼ਰ ਵਿੱਚ ਸਾਡੇ ਮੁੱਖ ਦੁਸ਼ਮਣ ਈਰਾਨੀ ਹਨ। ਉਹਨਾਂ ਨੇ ਕਿਹਾ ਕਿ ਫ਼ੌਜ ਦੇ ਖੁਫੀਆ ਵਿਭਾਗ ਦੇ ਮੁਖੀ ਦੇ ਤੌਰ 'ਤੇ ਮੇਰੇ ਕਾਰਜਕਾਲ ਦੌਰਾਨ ਦੋ ਮਹੱਤਵਪੂਰਨ ਕਤਲ ਹੋਏ ਹਨ। ਉਹਨਾਂ ਨੇ ਕਿਹਾ ਕਿ ਜਿਵੇਂ ਕਿ ਮੈਂ ਦੱਸਿਆ ਕਿ ਕਾਸਿਮ ਸੁਲੇਮਾਨੀ, ਇੰਨੇ ਸੀਨੀਅਰ ਵਿਅਕਤੀ ਜਿਹਨਾਂ ਨੇ ਰਣਨੀਤੀਆਂ ਬਣਾਈਆਂ ਹੋਣ ਉਸ ਬਾਰੇ ਪਤਾ ਲਗਾਉਣਾ ਬਹੁਤ ਦੁਰਲੱਭ ਗੱਲ ਹੈ। ਹੇਮੈਨ ਨੇ ਸੁਲੇਮਾਨੀ ਨੂੰ ਗੁਆਂਢੀ ਸੀਰੀਆ ਵਿੱਚ ਈਰਾਨੀ ਫਰੰਟ ਦਾ ਰੇਲ ਇੰਜਣ ਦੱਸਿਆ। ਇਜ਼ਰਾਈਲ ਨੇ ਪਿਛਲੇ ਇੱਕ ਦਹਾਕੇ ਵਿੱਚ ਸੀਰੀਆ ਵਿੱਚ ਸੈਂਕੜੇ ਹਵਾਈ ਹਮਲੇ ਕੀਤੇ ਹਨ ਪਰ ਜਨਤਕ ਤੌਰ 'ਤੇ ਬਹੁਤ ਘੱਟ ਟਿੱਪਣੀਆਂ ਕੀਤੀਆਂ। ਇਜ਼ਰਾਈਲ ਹਾਲਾਂਕਿ ਇਹ ਦਾਅਵਾ ਕਰਦਾ ਹੈ ਕਿ ਉਸਨੇ ਸਿਰਫ ਹਥਿਆਰਾਂ ਦੀ ਖੇਪ ਨੂੰ ਨਿਸ਼ਾਨਾ ਬਣਾਇਆ ਹੈ।
ਹੇਮੈਨ ਨੇ ਕਿਹਾ ਕਿ ਇਜ਼ਰਾਈਲ ਦੇ ਹਮਲਿਆਂ ਨੇ ਈਰਾਨ ਨੂੰ ਸੀਰੀਆ ਵਿੱਚ ਪੈਰ ਜਮਾਉਣ ਤੋਂ ਰੋਕਿਆ ਹੈ। ਇਜ਼ਰਾਈਲੀ ਫ਼ੌਜ ਨੇ ਹੇਮੈਨ ਦੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦਾ ਤੁਰੰਤ ਜਵਾਬ ਨਹੀਂ ਦਿੱਤਾ। ਹੇਮੈਨ ਦਾ ਇੰਟਰਵਿਊ ਅਜਿਹੇ ਸਮੇਂ ਆਇਆ ਹੈ ਜਦੋਂ ਵਿਸ਼ਵ ਸ਼ਕਤੀਆਂ ਅਤੇ ਈਰਾਨ ਆਪਣੇ (ਇਰਾਨ) ਪਰਮਾਣੂ ਪ੍ਰੋਗਰਾਮ ਨੂੰ ਰੋਕਣ ਦੇ ਉਦੇਸ਼ ਨਾਲ ਇੱਕ ਨਵੇਂ ਸਮਝੌਤੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕਾ ਨੇ 2015 ਵਿੱਚ ਇਸ ਸਬੰਧ ਵਿੱਚ ਵਿਸ਼ਵ ਸ਼ਕਤੀਆਂ ਅਤੇ ਈਰਾਨ ਵਿੱਚ ਹੋਏ ਪਿਛਲੇ ਸਮਝੌਤੇ ਨੂੰ ਇਕੱਲੇ ਹੀ ਰੱਦ ਕਰ ਦਿੱਤਾ ਸੀ ਅਤੇ 2018 ਵਿੱਚ ਇੱਕ ਵਾਰ ਫਿਰ ਤੋਂ ਈਰਾਨ 'ਤੇ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਸਨ, ਜਿਸ ਤੋਂ ਖੁਦ ਨੂੰ ਪਿੱਛੇ ਹਟਾ ਲਿਆ ਸੀ।