ਆਸਟ੍ਰੇਲੀਆ ਦੇ ਸਾਬਕਾ PM ਨੇ ਕਿਹਾ- ''ਚੀਨ ਦਾ ਦਬਾਅ ਝੱਲਣ ਦੀ ਲੋੜ ਨਹੀਂ''
Saturday, Nov 14, 2020 - 01:05 PM (IST)

ਕੈਨਬਰਾ- ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਕਿਹਾ ਕਿ ਚੀਨ ਆਸਟ੍ਰੇਲੀਆ ਉੱਤੇ ਟੈਰਿਫ ਡਿਊਟੀ ਭਾਵ ਦਰਾਮਦ ਕਰ ਵਧਾ ਰਿਹਾ ਹੈ ਤੇ ਦੇਸ਼ ਨੂੰ ਚੀਨ ਅੱਗੇ ਝੁਕਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਚੀਨ ਵਪਾਰ ਨੀਤੀਆਂ ਵਿਚ ਸਖ਼ਤਾਈ ਕਰਕੇ ਆਸਟ੍ਰੇਲੀਆ ਨੂੰ ਨੁਕਸਾਨ ਪਹੁੰਚਾਉਣ ਦੀ ਵਾਰ-ਵਾਰ ਕੋਸ਼ਿਸ਼ ਕਰ ਰਿਹਾ ਹੈ, ਇਸ ਲਈ ਆਸਟ੍ਰੇਲੀਅਨਜ਼ ਨੂੰ ਮਿਲ ਕੇ ਚੀਨ ਨੂੰ ਜਵਾਬ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਆਸਟਰੇਲੀਆ ਨੂੰ ਬੀਜਿੰਗ ਦੇ ਵਪਾਰਕ ਦਬਾਅ ਹੇਠ ਨਹੀਂ ਆਉਣਾ ਚਾਹੀਦਾ ਅਤੇ ਚੀਨ ਨਾਲ ਵਿਵਾਦਪੂਰਨ ਦੋ-ਪੱਖੀ ਮੁੱਦਿਆਂ 'ਤੇ ਆਪਣਾ ਪੱਖ ਬਦਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੀਨ ਕੋਲਾ, ਕਪਾਹ, ਲੱਕੜ, ਬੀਫ, ਵਾਈਨ ਆਦਿ 'ਤੇ ਮਰਜ਼ੀ ਨਾਲ ਇਮਪੋਰਟ ਡਿਊਟੀ (ਦਰਾਮਦ ਕਰ) ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ 2017-18 ਵਿਚ ਚੀਨ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਸੀਂ ਇਸ ਦਾ ਦਬਾਅ ਨਹੀਂ ਝੱਲਿਆ ਸੀ ਤੇ ਅਸੀਂ ਆਪਣੀ ਰਣਨੀਤੀ ਬਦਲ ਲਈ ਸੀ। ਹੁਣ ਵੀ ਅਜਿਹਾ ਹੀ ਕਰਨ ਦੀ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਚਾਹੇ ਚੀਨ ਵਿਚ ਕੋਰੋਨਾ ਵਾਇਰਸ ਫੈਲਣ ਦੀ ਸ਼ੁਰੂਆਤ ਦੀ ਗੱਲ ਹੋਵੇ ਜਾਂ ਫਿਰ ਦੱਖਣੀ ਚੀਨ ਸਾਗਰ ਦੀ ਆਸਟ੍ਰੇਲੀਆ ਨੇ ਆਪਣਾ ਰੁਖ਼ ਸਪੱਸ਼ਟ ਕੀਤਾ ਹੈ ਤੇ ਇਸੇ ਲਈ ਚੀਨ ਵਪਾਰਕ ਦਬਾਅ ਵਧਾ ਕੇ ਆਸਟ੍ਰੇਲੀਆ 'ਤੇ ਦਬਾਅ ਵਧਾ ਰਿਹਾ ਹੈ। ਇਸ ਤੋਂ ਪਹਿਲਾਂ ਚੀਨ ਆਸਟ੍ਰੇਲੀਆ ਦੇ ਜੌਂ ਅਨਾਜ 'ਤੇ ਵੀ ਇਮਪੋਰਟ ਡਿਊਟੀ (ਦਰਾਮਦ ਕਰ) ਵਧਾ ਚੁੱਕਾ ਹੈ ਤੇ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਕੁੜੱਤਣ ਆ ਗਈ ਹੈ।