ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਪੱਖਪਾਤੀ ਕਵਰੇਜ ਲਈ ਵਿਦੇਸ਼ੀ ਮੀਡੀਆ ਮੰਗੇ ਮੁਆਫ਼ੀ: ਵੀ.ਐੱਚ.ਪੀ.
Thursday, Jan 25, 2024 - 12:35 PM (IST)
ਵਾਸ਼ਿੰਗਟਨ (ਏ. ਐੱਨ. ਆਈ.) : ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐੱਚ.ਪੀ.) ਦੀਆਂ ਬ੍ਰਾਂਚਾਂ ਨੇ ਅਯੁੱਧਿਆ ਵਿਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੀ ਪੱਖਪਾਤੀ ਕਵਰੇਜ ਲਈ ਆਪਣੇ-ਆਪਣੇ ਦੇਸ਼ਾਂ ਵਿਚ ਪੱਛਮੀ ਮੀਡੀਆ ਅਤੇ ਮੁੱਖ ਧਾਰਾ ਦੀਆਂ ਮੀਡੀਆ ਸੰਸਥਾਵਾਂ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਖਬਰਾਂ ਦੇ ਲੇਖਾਂ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ।
ਵੀ.ਐੱਚ.ਪੀ. ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ, ‘ਵੀ.ਐੱਚ.ਪੀ. ਦੀ ਅਮਰੀਕੀ ਬ੍ਰਾਂਚ ਮੰਗ ਕਰਦੀ ਹੈ ਕਿ ‘ਏ.ਬੀ.ਸੀ.’, ‘ਬੀ.ਬੀ.ਸੀ.’, ‘ਸੀ.ਐੱਨ.ਐੱਨ.’, ‘ਐੱਮ.ਐੱਸ.ਐੱਨ.ਬੀ.ਸੀ.’ ਅਤੇ ‘ਅਲ ਜਜ਼ੀਰਾ’ ਤੁਰੰਤ ਆਪਣੀ ਵੈੱਬਸਾਈਟ ਤੋਂ ਇਨ੍ਹਾਂ ਖ਼ਬਰਾਂ ਦੇ ਲੇਖਾਂ ਨੂੰ ਹਟਾਉਣ। ਇਸ ਤੋਂ ਇਲਾਵਾ ਅਸੀਂ ਉਨ੍ਹਾਂ ਨੂੰ ਝੂਠੀ ਜਾਣਕਾਰੀ ਫੈਲਾਉਣ ਕਾਰਨ ਹਿੰਦੂ ਭਾਈਚਾਰੇ ਨੂੰ ਪੈਦਾ ਹੋਏ ਰੋਸ ਲਈ ਜਨਤਕ ਤੌਰ ’ਤੇ ਮੁਆਫੀ ਮੰਗਣ ਲਈ ਸੱਦਾ ਦਿੰਦੇ ਹਾਂ।’ਵੀ.ਐੱਚ.ਪੀ. ਅਮਰੀਕਾ ਨੇ ਕਿਹਾ, ‘ਅਸੀਂ ਇਨ੍ਹਾਂ ਨਿਊਜ਼ ਪਲੇਟਫਾਰਮਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਤਿਹਾਸਕ ਸੰਦਰਭ ਅਤੇ ਰਾਮ ਮੰਦਰ ਦੇ ਨਿਰਮਾਣ ਦਾ ਸਮਰਥਨ ਕਰਨ ਵਾਲੇ ਭਾਰਤੀ ਸੁਪਰੀਮ ਕੋਰਟ ਦੇ ਫੈਸਲੇ ਵਰਗੇ ਸਾਰੇ ਸਬੰਧਤ ਤੱਥਾਂ ਨੂੰ ਸ਼ਾਮਲ ਕਰਨ ਤੋਂ ਬਾਅਦ ਹੀ ਲੇਖਾਂ ਨੂੰ ਮੁੜ ਪ੍ਰਕਾਸ਼ਿਤ ਕਰਨ।’ ਸੰਗਠਨ ਨੇ ਇਹ ਵੀ ਕਿਹਾ ਕਿ ਝੂਠੀਆਂ ਕਹਾਣੀਆਂ ਕਾਰਨ ਪੱਖਪਾਤੀ ਕਵਰੇਜ ਨਾ ਕੀਤੀ ਜਾਵੇ। ਇਸ ਨਾਲ ਨਾ ਸਿਰਫ ਸਮਾਜ ਵਿਰੋਧੀ ਭਾਵਨਾਵਾਂ ਨੂੰ ਹੱਲਾਸ਼ੇਰੀ ਮਿਲਦੀ ਹੈ ਸਗੋਂ ਇਹ ਸ਼ਾਂਤੀ ਪਸੰਦ, ਮਿਹਨਤੀ ਅਤੇ ਯੋਗਦਾਨ ਪਾਉਣ ਵਾਲੇ ਅਮਰੀਕੀ ਹਿੰਦੂ ਭਾਈਚਾਰੇ ਲਈ ਵੀ ਖਤਰਾ ਪੈਦਾ ਕਰਦੀਆਂ ਹਨ। ਇਸ ਤਰ੍ਹਾਂ ਦਾ ਕੰਮ ਗੈਰ-ਜ਼ਿੰਮੇਵਾਰ ਪੱਤਰਕਾਰੀ ਦੇ ਬਰਾਬਰ ਹੈ ਅਤੇ ਇਸ ’ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-'ਐਮਰਜੈਂਸੀ ਐਕਟ' ਦੀ ਦੁਰਵਰਤੋਂ ਨੂੰ ਲੈਕੇ ਅਦਾਲਤ ਨੇ PM ਟਰੂਡੋ ਦੀ ਕੀਤੀ ਨਿੰਦਾ
ਵੀ.ਐੱਚ.ਪੀ. ਕੈਨੇਡਾ ਅਤੇ ਵੀ.ਐੱਚ.ਪੀ. ਆਸਟ੍ਰੇਲੀਆ ਵੱਲੋਂ ਵੀ ਇਸੇ ਤਰ੍ਹਾਂ ਦੇ ਬਿਆਨ ਜਾਰੀ ਕੀਤੇ ਗਏ ਹਨ। ਵੀ.ਐੱਚ.ਪੀ. ਕੈਨੇਡਾ ਨੇ ਕਿਹਾ, ‘ਦੁਨੀਆ ਭਰ ’ਚ ਹਿੰਦੂ ਭਾਈਚਾਰਾ ਇਕ ਸ਼ਾਂਤੀ-ਪ੍ਰੇਮੀ, ਪ੍ਰਗਤੀਸ਼ੀਲ ਅਤੇ ਸਮਾਵੇਸ਼ੀ ਭਾਈਚਾਰਾ ਹੈ, ਜੋ ‘ਪੂਰਾ ਵਿਸ਼ਵ ਇਕ ਪਰਿਵਾਰ ਹੈ’ ਦੀਆਂ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਦਾ ਹੈ। ਅਜਿਹੀ ਗੁੰਮਰਾਹਕੁੰਨ, ਤੱਥਹੀਣ, ਅਤੇ ਗਲਤ ਪੱਤਰਕਾਰੀ ਦਾ ਮੰਤਵ ਹਿੰਦੂ-ਕੈਨੇਡੀਅਨ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਣਾ ਹੈ ਅਤੇ ਸ਼ਾਂਤਮਈ ਕੈਨੇਡੀਅਨ ਸਮਾਜ ਵਿਚ ਅਸ਼ਾਂਤੀ ਪੈਦਾ ਕਰਨਾ ਹੈ।
ਹਿੰਦੂ ਵਿਰੋਧੀਆਂ ਤੋਂ ਲਿਆ ਪੱਖਪਾਤੀ ਪ੍ਰਤੀਕਰਮ
ਵੀ.ਐੱਚ.ਪੀ. ਆਸਟ੍ਰੇਲੀਆ ਨੇ ਕਿਹਾ, ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਕਿਉਂ ਅਤੇ ਕਿਸ ਆਧਾਰ ’ਤੇ ‘ਏ.ਬੀ.ਸੀ.’, ‘ਐੱਸ.ਬੀ.ਐੱਸ.’ ਅਤੇ 9-ਨਿਊਜ਼ ਨੇ ਅਵਨੀ ਡਾਇਸ, ਮੇਘਨਾ ਬਾਲੀ ਅਤੇ ਸੋਮ ਪਾਟੀਦਾਰ ਵਰਗੇ ਹਿੰਦੂ ਵਿਰੋਧੀਆਂ ਤੋਂ ਪੱਖਪਾਤੀ ਪ੍ਰਤੀਕਰਮ ਲਿਆ ਅਤੇ ਗਲਤ ਤੱਥ ਪੇਸ਼ ਕੀਤੇ। ਅਸੀਂ ਇਹ ਨਹੀਂ ਮੰਨਦੇ ਕਿ ਇਨ੍ਹਾਂ ਤਿੰਨਾਂ ਸੰਸਥਾਵਾਂ ਨੂੰ ਕੋਈ ਅਜਿਹਾ ਰਿਪੋਰਟਰ ਨਹੀਂ ਮਿਲਿਆ ਹੋਵੇਗਾ, ਜੋ ਨਿਰਪੱਖ ਅਤੇ ਤੱਥਾਂ ਸਮੇਤ ਨਜ਼ਰੀਆ ਪੇਸ਼ ਕਰ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।