ਨਹੀਂ ਰਹੇ ਧਾਕੜ ਫੁੱਟਬਾਲ ਖਿਡਾਰੀ ਧਰਮਿੰਦਰ ਸਿੰਘ ਸੰਘੇੜਾ, ਅਮਰੀਕਾ 'ਚ ਲਿਆ ਆਖਰੀ ਸਾਹ
Thursday, May 07, 2026 - 11:40 AM (IST)
ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ” ਫਰਿਜ਼ਨੋ, ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਸ਼ਹਿਰ ਫਰਿਜ਼ਨੋ ਦੇ ਨਿਵਾਸੀ ਅਤੇ ਸਾਬਕਾ ਫੁੱਟਬਾਲ ਖਿਡਾਰੀ ਧਰਮਿੰਦਰ ਸਿੰਘ ਸੰਘੇੜਾ ਪਿਛਲੇ ਦਿਨੀਂ ਕੇਵਲ 54 ਸਾਲ ਦੀ ਉਮਰ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦੇ ਅਚਾਨਕ ਵਿਛੋੜੇ ਨਾਲ ਪਰਿਵਾਰ, ਸੱਜਣ-ਮਿੱਤਰਾਂ, ਪਿੰਡ ਸਹੌਲੀ ਅਤੇ ਖੇਡ ਪ੍ਰੇਮੀਆਂ ਵਿੱਚ ਗਹਿਰਾ ਸੋਗ ਪਾਇਆ ਜਾ ਰਿਹਾ ਹੈ।
ਫਰਿਜ਼ਨੋ ਦੇ ਉੱਘੇ ਸ਼ਾਇਰ ਰਣਜੀਤ ਗਿੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਧਰਮਿੰਦਰ ਸਿੰਘ ਸੰਘੇੜਾ ਉਨ੍ਹਾਂ ਦੇ ਭਾਣਜੇ ਸਨ ਅਤੇ ਆਪਣੇ ਪਿੰਡ ਸਹੌਲੀ ਸਮੇਤ ਆਲੇ-ਦੁਆਲੇ ਦੇ 25 ਪਿੰਡਾਂ ਦੇ ਖੇਡ ਪ੍ਰੇਮੀਆਂ ਦਾ ਮਾਣ ਸਨ। ਉਨ੍ਹਾਂ ਕਿਹਾ ਕਿ ਧਰਮਿੰਦਰ ਸਿੰਘ ਦੀ ਸ਼ਖ਼ਸੀਅਤ ਬਹੁਤ ਮਿਲਣਸਾਰ, ਪ੍ਰਭਾਵਸ਼ਾਲੀ ਅਤੇ ਲੋਕ-ਭਲਾਈ ਵਾਲੀ ਸੀ।
ਬਚਪਨ ਤੋਂ ਹੀ ਖੇਡਾਂ ਨਾਲ ਜੁੜੇ ਧਰਮਿੰਦਰ ਸਿੰਘ ਨੂੰ ਮਾਪਿਆਂ ਨੇ ਹਰ ਸੱਧਰ ਨਾਲ ਪਾਲਿਆ ਅਤੇ ਦੋ ਵੱਡੀਆਂ ਭੈਣਾਂ ਨੇ ਪਿਆਰ-ਦੁਲਾਰ ਨਾਲ ਉਨ੍ਹਾਂ ਦਾ ਬਚਪਨ ਸਵਾਰਿਆ। ਅਮਰੀਕਾ ਆ ਕੇ ਉਨ੍ਹਾਂ ਨੇ ਹੱਡ-ਭੰਨਵੀਂ ਮਿਹਨਤ ਕੀਤੀ ਅਤੇ ਆਪਣੀ ਕਮਾਈ ਵਿਚੋਂ ਪਿੱਛੇ ਪਿੰਡ ਦੇ ਸਾਥੀਆਂ ਅਤੇ ਲੋੜਵੰਦਾਂ ਦੀ ਸਦਾ ਮਦਦ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਬਜ਼ੁਰਗ ਸਿੱਖ ਡਰਾਈਵਰ ਨਾਲ ਬਦਸਲੂਕੀ, ਧਮਕੀਆਂ ਵੀ ਦਿੱਤੀਆਂ
ਧਰਮਿੰਦਰ ਸਿੰਘ ਸੰਘੇੜਾ ਨੇ ਕਈ ਸਾਲਾਂ ਤੋਂ ਰੁਕੇ ਹੋਏ ਪਿੰਡ ਦੇ ਟੂਰਨਾਮੈਂਟ ਨੂੰ ਮੁੜ ਸੁਰਜੀਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਹਰ ਸਾਲ ਅਮਰੀਕਾ ਤੋਂ ਵਾਪਸ ਪਿੰਡ ਜਾ ਕੇ, ਪਿੰਡ ਵਾਸੀਆਂ ਦੇ ਸਹਿਯੋਗ ਨਾਲ ਖੇਡਾਂ ਲਈ ਨਵੀਂ ਪਿਰਤ ਪਾਈ। ਰਣਜੀਤ ਗਿੱਲ ਨੇ ਕਿਹਾ ਕਿ ਧਰਮਿੰਦਰ ਸਿੰਘ ਲੋੜਵੰਦਾਂ ਲਈ ਮਸੀਹਾ ਸਨ ਅਤੇ ਉਨ੍ਹਾਂ ਦੀ ਸੋਹਣੀ ਦਿੱਖ, ਉੱਚੀ ਸੋਚ ਅਤੇ ਦਰਿਆਦਿਲੀ ਹਮੇਸ਼ਾਂ ਯਾਦ ਰਹੇਗੀ।
ਸਵ. ਧਰਮਿੰਦਰ ਸਿੰਘ ਸੰਘੇੜਾ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 9 ਮਈ 2026 ਨੂੰ Shant Bhavan Funeral Home ਵਿਖੇ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਹੋਵੇਗਾ। ਇਸ ਤੋਂ ਬਾਅਦ ਸਹਿਜ ਪਾਠ ਭੋਗ ਅਤੇ ਗੁਰੂ ਕਾ ਲੰਗਰ ਗੁਰਦੁਆਰਾ ਸਿੰਘ ਸਭਾ ਫਰਿਜ਼ਨੋ ਵਿਖੇ ਦੁਪਹਿਰ 2:00 ਵਜੇ ਤੋਂ 4:00 ਵਜੇ ਤੱਕ ਹੋਵੇਗਾ। ਗੁਰਦੁਆਰਾ ਸਾਹਿਬ ਦਾ ਪਤਾ 4827 N Parkway Dr, Fresno, CA 93722 ਹੈ।
ਪਰਿਵਾਰ, ਰਿਸ਼ਤੇਦਾਰਾਂ ਅਤੇ ਸੰਗਤ ਵੱਲੋਂ ਸੰਗਤਾਂ ਨੂੰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਬੇਨਤੀ ਕੀਤੀ ਗਈ ਹੈ।ਪਰਮਾਤਮਾ ਅੱਗੇ ਅਰਦਾਸ ਹੈ ਕਿ ਪਾਤਸ਼ਾਹ ਸਵ. ਧਰਮਿੰਦਰ ਸਿੰਘ ਸੰਘੇੜਾ ਦੀ ਪਵਿੱਤਰ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
