ਜਲਵਾਯੂ ਤਬਦੀਲੀ ਨਾਲ ਹੋ ਸਕਦੀ ਹੈ ਖੁਰਾਕ ਸਮੱਗਰੀ ਦੀ ਕਮੀ : ਅਧਿਐਨ

04/02/2018 4:45:18 PM

ਲੰਡਨ (ਭਾਸ਼ਾ)— ਇਕ ਅਧਿਐਨ ਮੁਤਾਬਕ ਜਲਵਾਯੂ ਤਬਦੀਲੀ ਕਾਰਨ ਮੌਸਮ ਵਿਚ ਹੋਣ ਵਾਲੀਆਂ ਤਬਦੀਲੀਆਂ ਨਾਲ ਦੁਨੀਆ ਵਿਚ ਖੁਰਾਕ ਸਮੱਗਰੀ ਦੀ ਕਮੀ ਦਾ ਖਤਰਾ ਪੈਦਾ ਹੋ ਸਕਦਾ ਹੈ। ਦੁਨੀਆ ਦੇ 122 ਦੇਸ਼ਾਂ ਤੋਂ ਪ੍ਰਾਪਤ ਅੰਕੜਿਆਂ ਦੇ ਅਧਿਐਨ ਨਾਲ ਇਹ ਜਾਣਕਾਰੀ ਮਿਲਦੀ ਹੈ। ਬ੍ਰਿਟੇਨ ਦੀ ਐਕਜੈਟਰ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਇਸ ਗੱਲ ਦਾ ਪਰੀਖਣ ਕੀਤਾ ਕਿ ਕਿਵੇਂ ਜਲਵਾਯੂ ਤਬਦੀਲੀ ਵੱਖ-ਵੱਖ ਦੇਸ਼ਾਂ ਵਿਚ ਖੁਰਾਕ ਦੇ ਖਤਰੇ ਨੂੰ ਹੋਰ ਵਧਾ ਸਕਦੀ ਹੈ।  ਇਸ ਅਧਿਐਨ ਦੀ ਰਿਪੋਰਟ ਮੁਤਾਬਕ ਏਸ਼ੀਆ, ਅਫਰੀਕਾ ਅਤੇ ਦੱਖਣੀ ਅਮਰੀਕਾ ਦੇ 122 ਵਿਕਸਿਤ ਅਤੇ ਘੱਟ ਵਿਕਸਿਤ ਦੇਸ਼ਾਂ 'ਤੇ ਗੌਰ ਕੀਤਾ ਗਿਆ ਹੈ। ਯੂਨੀਵਰਸਿਟੀ ਆਫ ਐਕਜੈਟਰ ਦੇ ਪ੍ਰੋਫੈਸਰ ਰਿਚਰਡ ਵੇਟਸ ਨੇ ਕਿਹਾ,''ਜਲਵਾਯੂ ਤਬਦੀਲੀ ਨਾਲ ਭਾਰੀ ਮੀਂਹ ਅਤੇ ਸੋਕੇ ਦੇ ਰੂਪ ਵਿਚ ਮੌਸਮ ਦਾ ਮਿਜਾਜ਼ ਕਾਫੀ ਵਿਗੜ ਸਕਦਾ ਹੈ। ਇਸ ਦਾ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਵੱਖ-ਵੱਖ ਪ੍ਰਭਾਵ ਹੋਵੇਗਾ।'' ਵੇਟਸ ਨੇ ਕਿਹਾ,''ਮੌਸਮ ਵਿਚ ਤਬਦੀਲੀ ਨਾਲ ਖੁਰਾਕ ਅਸੁਰੱਖਿਆ ਹੋਰ ਵੱਧ ਸਕਦੀ ਹੈ।'' ਉਨ੍ਹਾਂ ਨੇ ਕਿਹਾ,''ਕੁਝ ਤਬਦੀਲੀਆਂ ਦਿਖਾਈ ਦੇ ਰਹੀਆਂ ਹਨ ਅਤੇ ਉਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਜੇ ਗਲੋਬਲ ਤਾਪਾਮਾਨ ਵਿਚ ਵਾਧੇ ਨੂੰ 1.5 ਡਿਗਰੀ ਸੈਲਸੀਅਸ ਤੱਕ ਸੀਮਤ ਕੀਤਾ ਜਾਂਦਾ ਹੈ ਤਾਂ 76 ਫੀਸਦੀ ਵਿਕਾਸਸ਼ੀਲ ਦੇਸ਼ਾਂ ਵਿਚ ਇਸ ਦਾ ਪ੍ਰਭਾਵ ਤਾਪਮਾਨ ਵਿਚ 2 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਹੋਣ ਵਾਲੇ ਨੁਕਸਾਨ ਦੇ ਮੁਕਾਬਲੇ ਦੀ ਤੁਲਨਾ ਵਿਚ ਕਾਫੀ ਘੱਟ ਹੋਣ ਦੀ ਸੰਭਾਵਨਾ ਹੈ। ਤਾਪਮਾਨ ਵਿਚ ਵਾਧੇ ਨਾਲ ਔਸਤਨ ਨਮੀ ਦੀ ਸਥਿਤੀ ਵਧੇਗੀ। ਹੜ੍ਹ ਨਾਲ ਖੁਰਾਕ ਉਤਪਾਦਨ ਪ੍ਰਭਾਵਿਤ ਹੋਵੇਗਾ ਪਰ ਕੁਝ ਖੇਤਰਾਂ ਵਿਚ ਬਾਰ-ਬਾਰ ਸੋਕਾ ਪੈਣ ਨਾਲ ਖੇਤੀਬਾੜੀ ਪ੍ਰਭਾਵਿਤ ਹੋਵੇਗੀ। ਹੜ੍ਹ ਵਾਲੀ ਸਥਿਤੀ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਦੱਖਣ ਅਤੇ ਦੱਖਣੀ-ਪੂਰਬੀ ਏਸ਼ੀਆ ਵਿਚ ਪੈਣ ਦੀ ਸੰਭਾਵਨਾ ਹੈ। ਗਲੋਬਲ ਤਾਪਮਾਨ ਵਿਚ 2 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਗੰਗਾ ਅਤੇ ਉਸ ਨਾਲ ਸੰਬੰਧਿਤ ਨਦੀਆਂ ਵਿਚ ਪ੍ਰਵਾਹ ਦੁਗਣੇ ਨਾਲੋਂ ਜ਼ਿਆਦਾ ਹੋ ਸਕਦਾ ਹੈ। ਸ਼ੋਧ ਮੁਤਾਬਕ ਦੱਖਣੀ ਅਮਰੀਕਾ ਅਤੇ ਉਸ ਨਾਲ ਲੱਗਦੇ ਹੋਰ ਦੇਸ਼ਾਂ ਵਿਚ ਸੋਕਾ ਪੈਣ ਦੀ ਸੰਭਾਵਨਾ ਹੈ। ਸ਼ੋਧ ਕਰਤਾਵਾਂ ਨੇ ਆਪਣੇ ਅਧਿਐਨ ਵਿਚ ਜਲਵਾਯੂ ਤਬਦੀਲੀ ਨਾਲ ਮੌਸਮ ਵਿਚ ਤਬਦੀਲੀ ਅਤੇ ਉਸ ਦੀ ਖੁਰਾਕ ਸਮੱਗਰੀ ਦੀ ਉਪਲਬਧਤਾ ਅਤੇ ਖੁਰਾਕ ਅਸੁਰੱਖਿਆ 'ਤੇ ਪੈਣ ਵਾਲੇ ਪ੍ਰਭਾਵ ਦਾ ਮੁਲਾਂਕਣ ਕੀਤਾ ਹੈ।


Related News