ਫਲੋਰੀਡਾ ਸਣੇ ਕਈ ਸ਼ਹਿਰਾਂ ''ਚ ਕੋਰੋਨਾ ਟੀਕਾਕਰਨ ਲਈ ਲੱਗੀਆਂ ਲੰਬੀਆਂ ਲਾਈਨਾਂ
Saturday, Jan 02, 2021 - 03:56 PM (IST)

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਸੰਯੁਕਤ ਰਾਜ ਵਿਚ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਇਸਦੀ ਟੀਕਾਕਰਨ ਪ੍ਰਕਿਰਿਆ ਜਾਰੀ ਹੈ।ਦੇਸ਼ ਦੇ ਕੁੱਝ ਖੇਤਰਾਂ ਜਿਵੇਂ ਕਿ ਟੇਨੇਸੀ, ਫਲੋਰੀਡਾ ਅਤੇ ਪਿਉਰਟੋ ਰੀਕੋ ਵਿੱਚ ਕੋਰੋਨਾ ਟੀਕਾਕਰਨ ਲਈ ਲਾਈਨਾਂ ਬਨਣੀਆਂ ਸ਼ੁਰੂ ਹੋ ਗਈਆਂ ਹਨ।
ਟੇਨੇਸੀ ਦੇ ਚਟਨੂਗਾ ਵਿਚ ਵੀਰਵਾਰ ਸਵੇਰੇ ਟੀਕਾ ਲਗਵਾਉਣ ਆਏ ਲੋਕਾਂ ਦੀਆਂ ਦਰਜਨਾਂ ਕਾਰਾਂ ਦੀਆਂ ਕਤਾਰਾਂ ਲੱਗੀਆਂ ਵੇਖੀਆਂ ਗਈਆਂ ਅਤੇ ਇਸ ਟੀਕਾਕਰਨ ਦੇ ਪਹਿਲੇ 75 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਯੋਗ ਲੋਕਾਂ ਨੂੰ ਕੋਵਿਡ-19 ਲਈ ਟੀਕਾ ਲਗਾਇਆ ਗਿਆ। ਇਸ ਮੌਕੇ ਹੋਏ ਇਕੱਠ ਨੂੰ ਵੇਖਦੇ ਹੋਏ ਸਵੇਰੇ 10 ਵਜੇ ਤੋਂ ਬਾਅਦ, ਕਾਉਂਟੀ ਦੇ ਸਿਹਤ ਵਿਭਾਗ ਨੇ ਟਵਿੱਟਰ 'ਤੇ ਇਕ ਨੋਟਿਸ ਜਾਰੀ ਕਰਦਿਆਂ ਲਾਈਨ ਵਿਚ ਲੱਗੇ ਲੋਕਾਂ ਨੂੰ ਬਾਅਦ ਵਿਚ ਆਉਣ ਲਈ ਕਿਹਾ ਗਿਆ।
ਇਸੇ ਪ੍ਰਕਿਰਿਆ ਤਹਿਤ ਫਲੋਰੀਡਾ ਵਿਚ ਗਵਰਨਰ ਰੌਨ ਡੀਸੈਂਟਿਸ ਦੁਆਰਾ ਕਾਰਜਕਾਰੀ ਆਦੇਸ਼ ਦੀ ਵਰਤੋਂ ਕਰਦਿਆਂ ਟੀਕਾਕਰਨ ਲਈ ਉਮਰ ਦੀ ਸੀਮਾ 65 ਸਾਲ ਜਾਂ ਇਸ ਤੋਂ ਵੱਧ ਕਰਨ ਤੋਂ ਬਾਅਦ, ਲੀ ਕਾਉਂਟੀ ਅਤੇ ਫੋਰਟ ਮਾਇਅਰਜ਼ ਵਿਚ ਮੰਗਲਵਾਰ ਦੀ ਰਾਤ ਨੂੰ ਸੈਂਕੜੇ ਲੋਕ ਲਾਈਨਾਂ ਵਿਚ ਇੰਤਜ਼ਾਰ ਕਰਨ ਲਈ ਕੋਟ, ਕੁਰਸੀਆਂ, ਕੰਬਲ ਅਤੇ ਤੰਬੂ ਲੈ ਕੇ ਆਏ ਜਿਨ੍ਹਾਂ ਨੂੰ ਬੁੱਧਵਾਰ ਦੇ ਦਿਨ ਟੀਕਾ ਲਗਾਇਆ ਗਿਆ, ਜਦਕਿ ਡੀਸੈਂਟਿਸ ਦੇ ਅਨੁਸਾਰ ਫਲੋਰੀਡਾ ਵਿਚ 4 ਮਿਲੀਅਨ ਤੋਂ ਵੱਧ ਬਜ਼ੁਰਗ ਨਾਗਰਿਕਾਂ ਲਈ ਲੋੜੀਂਦੀ ਟੀਕੇ ਨਹੀਂ ਹਨ। ਇਸ ਦੇ ਇਲਾਵਾ ਪਿਉਰਟੋ ਰੀਕੋ ਵਿਚ, ਸਿਹਤ ਦੇਖਭਾਲ ਕਰਮਚਾਰੀ ਸੈਨ ਜੁਆਨ ਦੇ ਪੇਡਰਿਨ ਜੋਰੀਲਾ ਕੋਲੀਜ਼ੀਅਮ ਵਿਖੇ ਨਿਰੰਤਰ ਟੀਕੇ ਲਗਾ ਰਹੇ ਸਨ।