ਫਲੋਰਿਡਾ ਦੇ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 9 ਹੋਈ, 156 ਲਾਪਤਾ, ਬਚਾਅ ਕਾਰਜ ਜਾਰੀ
Monday, Jun 28, 2021 - 10:02 AM (IST)
ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ)- ਫਲੋਰਿਡਾ ਦੇ ਮਿਆਮੀ ਨੇੜੇ ਰਿਹਾਇਸ਼ੀ ਇਮਾਰਤ ਦੇ ਇਕ ਹਿੱਸੇ ਦੇ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 9 ਤੱਕ ਪਹੁੰਚ ਗਈ ਹੈ। ਇਸ ਹਾਦਸੇ ਦੇ ਤਕਰੀਬਨ ਤਿੰਨ ਦਿਨਾਂ ਬਾਅਦ ਘੱਟੋ ਘੱਟ 9 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਅਤੇ 156 ਲੋਕ ਲਾਪਤਾ ਹਨ। ਫਲੋਰਿਡਾ ਦੇ ਸਰਫਸਾਈਡ ਵਿਚ ਡਿੱਗੀ ਇਸ ਇਮਾਰਤ ਦੀ ਜਗ੍ਹਾ 'ਤੇ ਸ਼ਨੀਵਾਰ ਨੂੰ ਅੱਗ ਲੱਗਣ ਨਾਲ ਸਰਚ ਕੋਸ਼ਿਸ਼ਾਂ ਵਿਚ ਰੁਕਾਵਟ ਪੈਦਾ ਹੋਈ।
ਫਾਇਰ ਟੀਮਾਂ ਨੇ ਅੱਗ ਬੁਝਾਉਣ ਲਈ ਇਨਫਰਾਰੈੱਡ ਤਕਨਾਲੋਜੀ, ਝੱਗ ਅਤੇ ਪਾਣੀ ਦੀ ਵਰਤੋਂ ਕੀਤੀ। ਇਸ ਦੌਰਾਨ ਧੂੰਏ ਨੇ ਵੀ ਵੱਡੀ ਰੁਕਾਵਟ ਪਾਈ। ਬਚਾਅ ਅਧਿਕਾਰੀਆਂ ਨੂੰ ਉਮੀਦ ਹੈ ਕਿ ਮਲਬੇ ਹੇਠੋਂ ਹੋਰ ਲੋਕਾਂ ਦੇ ਵੀ ਬਚਣ ਦੀ ਉਮੀਦ ਹੈ। ਇਸ ਦਰਦਨਾਕ ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚੋਂ ਚਾਰ ਦੀ ਪਛਾਣ ਸਟੈਸੀ ਡਾਨ ਫੈਂਗ (54), ਐਂਟੋਨੀਓ ਲੋਜ਼ਨੋ( 83), ਗਲੈਡੀਜ਼ ਲੋਜ਼ਨੋ(79) ਅਤੇ ਮੈਨੁਅਲ ਲੈਫੋਂਟ(54) ਵਜੋਂ ਕੀਤੀ ਗਈ ਹੈ। ਸ਼ਨੀਵਾਰ ਨੂੰ ਮਿਆਮੀ-ਡੈੱਡ ਫਾਇਰ ਬਚਾਅ ਅਧਿਕਾਰੀਆਂ ਵੱਲੋਂ ਮਲਬੇ ਹੇਠੋਂ ਇਕ ਹੋਰ ਲਾਸ਼ ਮਿਲਣ ਨਾਲ ਮ੍ਰਿਤਕਾਂ ਦੀ ਗਿਣਤੀ 5 ਹੋ ਗਈ ਸੀ। ਅਧਿਕਾਰੀਆਂ ਵੱਲੋਂ ਇਮਾਰਤ ਦੇ ਮਲਬੇ ਨੂੰ ਹਟਾਉਣ ਅਤੇ ਬਚਾਅ ਕਾਰਜ ਜਾਰੀ ਹਨ।
ਇਹ ਵੀ ਪੜ੍ਹੋ: ਬੰਗਲਾਦੇਸ਼: ਧਮਾਕੇ ਮਗਰੋਂ ਇਮਾਰਤ ਡਿੱਗਣ ਨਾਲ 7 ਲੋਕਾਂ ਦੀ ਮੌਤ, ਸੈਂਕੜੇ ਜ਼ਖ਼ਮੀ