ਅਮਰੀਕਾ ''ਚ ਹੜ੍ਹਾਂ ਨੇ ਮਚਾਈ ਤਬਾਹੀ, ਹੋਈਆਂ ਦਰਜਨਾਂ ਮੌਤਾਂ
Friday, Sep 03, 2021 - 08:34 PM (IST)
ਫਰਿਜ਼ਨੋ (ਕੈਲੀਫੋਰਨੀਆ) ਗੁਰਿੰਦਰਜੀਤ ਨੀਟਾ ਮਾਛੀਕੇ)-ਕੁਦਰਤੀ ਆਫਤਾਂ ਅਮਰੀਕਾ 'ਚ ਤਬਾਹੀ ਮਚਾ ਰਹੀਆਂ ਹਨ। ਪਹਿਲਾਂ ਹੀ ਕੋਰੋਨਾ ਕਾਰਨ ਲੱਖਾਂ ਅਮਰੀਕੀ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਹੁਣ ਜੰਗਲੀ ਅੱਗਾਂ, ਤੂਫਾਨ ਅਤੇ ਹੜ੍ਹਾਂ ਆਦਿ ਕਾਰਨ ਨਿਵਾਸੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਪਿਛਲੇ ਦਿਨਾਂ ਦੌਰਾਨ ਤੂਫਾਨ ਇਡਾ ਕਾਰਨ ਅਮਰੀਕਾ ਦੇ ਕੁੱਝ ਭਾਗਾਂ 'ਚ ਭਾਰੀ ਤਬਾਹੀ ਮੱਚੀ ਹੈ। ਤੂਫਾਨ ਇਡਾ ਦੇ ਹੀ ਕਾਰਨ ਅਮਰੀਕੀ ਖੇਤਰਾਂ 'ਚ ਹੋਈ ਭਾਰੀ ਬਾਰਿਸ਼ ਕਾਰਨ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਨਾਲ ਦਰਜਨਾਂ ਮੌਤਾਂ ਹੋਈਆਂ ਹਨ।
ਇਹ ਵੀ ਪੜ੍ਹੋ : ਤਾਲਿਬਾਨ ਨੇ ਘਰੇਲੂ ਉਡਾਣਾਂ ਨੂੰ ਦਿੱਤੀ ਮਨਜ਼ੂਰੀ, ਅੱਜ ਤੋਂ ਹਵਾਈ ਯਾਤਰਾ ਕਰ ਸਕਣਗੇ ਅਫਗਾਨੀ ਨਾਗਰਿਕ
ਅਮਰੀਕਾ ਦੇ ਉੱਤਰ -ਪੂਰਬ 'ਚ ਹੁਣ ਤੱਕ ਤੂਫਾਨ ਕਾਰਨ ਘੱਟੋ-ਘੱਟ 46 ਮੌਤਾਂ ਹੋਈਆਂ ਹਨ। ਕੁੱਲ ਮਿਲਾ ਕੇ, ਇਡਾ ਨਾਲ ਸਬੰਧਤ ਅੱਠ ਰਾਜਾਂ 'ਚ ਘੱਟੋ ਘੱਟ 59 ਮੌਤਾਂ ਹੋਈਆਂ ਹਨ ਅਤੇ ਇਹ ਗਿਣਤੀ ਹੋਰ ਵੀ ਵਧ ਸਕਦੀ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ ਤੂਫਾਨਾਂ ਕਾਰਨ ਨਿਊਯਾਰਕ ਅਤੇ ਨਿਊਜਰਸੀ ਦੀਆਂ ਐਮਰਜੈਂਸੀ ਘੋਸ਼ਣਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਨਿਊਯਾਰਕ 'ਚ ਬੁੱਧਵਾਰ ਨੂੰ ਹੜ੍ਹਾਂ ਕਾਰਨ ਭਾਰੀ ਤਬਾਹੀ ਦੇ ਨਾਲ ਕਈ ਮੌਤਾਂ ਹੋਈਆਂ ਹਨ। ਨਿਊਯਾਰਕ ਦੇ ਜ਼ਿਆਦਾਤਰ ਸਬਵੇਅ 'ਚ ਫਸੇ ਲੋਕਾਂ ਨੂੰ ਬਚਾਇਆ ਗਿਆ ਹੈ। ਨਿਊਯਾਰਕ ਪੁਲਸ ਵਿਭਾਗ ਦੇ ਕਮਿਸ਼ਨਰ ਡੇਰਮੋਟ ਸ਼ੀਆ ਅਨੁਸਾਰ ਹੜ੍ਹਾਂ ਕਾਰਨ ਬੇਸਮੈਂਟਾਂ 'ਚ ਘੱਟੋ ਘੱਟ ਅੱਠ ਮੌਤਾਂ ਹੋਈਆਂ ਹਨ ਅਤੇ ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲਾਸੀਓ ਅਨੁਸਾਰ ਵੀਰਵਾਰ ਨੂੰ ਬਿਗ ਐਪਲ 'ਚ ਵੀ ਮਰਨ ਵਾਲਿਆਂ ਦੀ ਗਿਣਤੀ 9 ਸੀ ਅਤੇ ਸ਼ਾਮ ਤੱਕ ਇਹ ਗਿਣਤੀ ਵਧ ਕੇ 13 ਹੋ ਗਈ ਸੀ।
ਇਹ ਵੀ ਪੜ੍ਹੋ : ਜਲਵਾਯੂ ਸੰਕਟ ਨਾਲ ਨਜਿੱਠਣ 'ਚ ਚੀਨ ਮਹੱਤਵਪੂਰਨ : ਜਾਨ ਕੈਰੀ
ਮੌਸਮ ਵਿਭਾਗ ਅਨੁਸਾਰ ਬੁੱਧਵਾਰ ਸ਼ਾਮ ਨੂੰ ਹੋਈ ਬਾਰਿਸ਼ ਨੇ ਰਿਕਾਰਡ ਤੋੜ ਦਿੱਤੇ ਹਨ। ਨਿਊਯਾਰਕ ਪੁਲਸ ਡਿਪਾਰਟਮੈਂਟ ਅਨੁਸਾਰ ਹੜ੍ਹ ਦੌਰਾਨ 835 ਸਬਵੇਅ ਯਾਤਰੀਆਂ ਨੂੰ ਬਚਾਇਆ ਗਿਆ। ਇਸ ਤੋਂ ਇਲਾਵਾ ਨਿਊਜਰਸੀ 'ਚ ਵੀ ਹੜ੍ਹਾਂ ਕਾਰਨ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ। ਸੂਬੇ 'ਚ ਤੂਫਾਨ ਕਾਰਨ ਘੱਟੋ-ਘੱਟ 23 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕਾ 'ਚ ਆਏ ਇਹਨਾਂ ਹੜ੍ਹਾਂ ਕਾਰਨ ਮੌਤਾਂ ਦੇ ਨਾਲ-ਨਾਲ ਜਨਤਕ ਜ਼ਿੰਦਗੀ ਵੀ ਪ੍ਰਭਾਵਿਤ ਹੋਈ ਹੈ। ਹੜ੍ਹਾਂ ਕਾਰਨ ਆਵਾਜਾਈ ਦੇ ਠੱਪ ਹੋਣ ਦੇ ਨਾਲ ਜ਼ਿਆਦਾਤਰ ਉਡਾਣਾਂ ਵੀ ਰੱਦ ਕੀਤੀਆਂ ਗਈਆਂ ਹਨ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਫਸੇ ਹੋਏ ਲੋਕਾਂ ਦੀ ਸਹਾਇਤਾ ਲਈ ਢੁੱਕਵੇਂ ਯਤਨ ਕੀਤੇ ਜਾ ਰਹੇ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।