ਕ੍ਰੀਮੀਆ ’ਚ ਹੜ੍ਹਾਂ ਨੇ ਮਚਾਈ ਤਬਾਹੀ, ਵੱਡੀ ਗਿਣਤੀ ਲੋਕ ਹੋਏ ਪ੍ਰਭਾਵਿਤ
Monday, Jun 21, 2021 - 11:47 AM (IST)
ਇੰਟਰਨੈਸ਼ਨਲ ਡੈਸਕ : ਕ੍ਰੀਮੀਆ ਦੇ ਸ਼ਹਿਰ ਯਾਲਟਾ ’ਚ ਭਿਆਨਕ ਹੜ੍ਹਾਂ ਨਾਲ ਵੱਡੀ ਗਿਣਤੀ ਲੋਕ ਪ੍ਰਭਾਵਿਤ ਹੋਏ ਹਨ ਤੇ ਹੜ੍ਹਾਂ ਨਾਲ ਵਾਪਰੀਆਂ ਘਟਨਾਵਾਂ ’ਚ 43 ਲੋਕ ਜ਼ਖ਼ਮੀ ਹੋ ਗਏ ਹਨ। ਯਾਲਟਾ ਸ਼ਹਿਰ ਦੇ ਪ੍ਰਸ਼ਾਸਨ ਦੀ ਮੁਖੀ ਯਾਨਿਨਾ ਪਾਵਲੇਂਕੋ ਨੇ ਐਤਵਾਰ ਫੇਸਬੁੱਕ ਉੱਤੇ ਜਾਰੀ ਇੱਕ ਵੀਡੀਓ ’ਚ ਕਿਹਾ, “ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ 5.78 ਕਰੋੜ ਰੂਬਲ ਅਲਾਟ ਕੀਤੇ ਗਏ ਹਨ, ਯਾਲਟਾ ਦੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਇਹ ਪਹਿਲੀ ਕਿਸ਼ਤ ਹੈ।”
ਕ੍ਰੀਮੀਆ ਦੇ ਅਧਿਕਾਰੀਆਂ ਅਨੁਸਾਰ ਯਾਲਟਾ ’ਚ ਆਏ ਹੜ੍ਹਾਂ ਨਾਲ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਵਧ ਕੇ 43 ਹੋ ਗਈ ਹੈ, ਜਿਨ੍ਹਾਂ ’ਚੋਂ 6 ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸ਼ਹਿਰ ਦੇ ਪ੍ਰਸ਼ਾਸਨ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਹੜ੍ਹਾਂ ’ਚ ਲਾਪਤਾ ਇੱਕ ਵਿਅਕਤੀ ਜ਼ਿੰਦਾ ਮਿਲਿਆ ਸੀ, ਜਦਕਿ ਇਕ ਲਾਪਤਾ ਔਰਤ ਦੀ ਭਾਲ ਐਤਵਾਰ ਨੂੰ ਵੀ ਜਾਰੀ ਰਹੀ। ਇਸ ਤੋਂ ਪਹਿਲਾਂ ਬੁਲਾਰੇ ਨੇ ਦੱਸਿਆ ਸੀ ਕਿ ਯਾਲਟਾ ’ਚ ਭਾਰੀ ਬਾਰਿਸ਼ ਅਤੇ ਹੜ੍ਹਾਂ ਕਾਰਨ 24 ਲੋਕ ਜ਼ਖਮੀ ਹੋਏ ਹਨ ਅਤੇ ਦੋ ਲੋਕ ਲਾਪਤਾ ਹਨ।