ਕੋਰੋਨਾਵਾਇਰਸ: ਵੁਹਾਨ ਤੋਂ ਵਾਪਸ ਅਮਰੀਕਾ ਲਿਆਂਦੇ ਜਾ ਰਹੇ ਲੋਕਾਂ ਦੀ ਮਿਟਲਰੀ ਏਅਰਬੇਸ ''ਤੇ ਹੋਵੇਗੀ ਜਾਂਚ

01/29/2020 5:04:05 PM

ਵਾਸ਼ਿੰਗਟਨ- ਚੀਨ ਦੇ ਵੁਹਾਨ ਤੋਂ 240 ਅਮਰੀਕੀਆਂ ਨੂੰ ਲੈ ਕੇ ਆ ਰਹੇ ਜਹਾਜ਼ ਨੂੰ ਮਿਟਲਰੀ ਏਅਰਬੇਸ ਵੱਲ ਭੇਜ ਦਿੱਤਾ ਗਿਆ ਹੈ। ਮੰਗਲਵਾਰ ਨੂੰ ਅਮਰੀਕੀ ਅਥਾਰਟੀ ਨੇ ਜਹਾਜ਼ ਨੂੰ ਓਨਟਾਰੀਓ ਏਅਰਪੋਰਟ ਦੇ ਨੇੜੇ ਸਥਿਤ ਫੌਜ ਦੇ ਏਅਰਬੇਸ ਵੱਲ ਰਵਾਨਾ ਕੀਤਾ ਹੈ। ਚੀਨ ਵਿਚ ਹੁਣ ਤੱਕ ਕੋਰੋਨਾਵਾਇਰਸ ਕਰਕੇ 132 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਸਰਕਾਰ ਵਲੋਂ ਇਕ ਹੋਰ ਚਾਰਟਡ ਪਲੇਨ ਨੂੰ ਚੀਨ ਸਥਿਤ ਅਮਰੀਕੀ ਦੂਤਘਰ ਤੋਂ ਡਿਪਲੋਮੈਟਾਂ ਤੇ ਹੋਰ ਅਮਰੀਕੀ ਨਾਗਰਿਕਾਂ ਨੂੰ ਲਿਆਉਣ ਦੇ ਲਈ ਰਵਾਨਾ ਕੀਤਾ ਗਿਆ ਹੈ।

ਅਮਰੀਕਾ ਨੇ ਕੀਤੇ ਇੰਤਜ਼ਾਮ
ਇਸ ਜਹਾਜ਼ ਨੇ ਮੰਗਲਵਾਰ ਤੜਕੇ ਉਡਾਣ ਭਰੀ ਸੀ ਤੇ ਇਸ ਤੋਂ ਬਾਅਦ ਅਲਾਸਕਾ ਵਿਚ ਈਂਧਨ ਭਰਵਾਉਣ ਦੇ ਲਈ ਰੁਕਿਆ ਸੀ। ਇਸ ਜਹਾਜ਼ ਨੂੰ ਕੈਲੀਫੋਰਨੀਆ ਸੂਬੇ ਦੇ ਓਨਟੋਰੀਓ ਵੱਲ ਰਵਾਨਾ ਕੀਤਾ ਗਿਆ ਸੀ ਪਰ ਬਾਅਦ ਵਿਚ ਇਸ ਨੂੰ ਰਿਵਰਸਾਈਡ ਵਿਚ ਸਥਿਤ ਮਾਰਚ ਏਅਰ ਰਿਜ਼ਰਵ ਬੇਸ ਵੱਲ ਮੋੜ ਦਿੱਤਾ ਗਿਆ। ਸਾਨ ਬਰਨਾਡੀਨੋ ਦੇ ਕਾਊਂਟੀ ਸੁਪਰਵਾਈਜ਼ਰ ਕਰਨ ਹੈਗਮੈਨ ਨੇ ਦੱਸਿਆ ਕਿ ਸਾਨੂੰ ਬਿਲਕੁਲ ਹੁਣੇ ਪਤਾ ਲੱਗਿਆ ਹੈ ਕਿ ਜਹਾਜ਼ ਨੂੰ ਮਾਰਚ ਏਅਰਫੋਰਸ ਬੇਸ ਵੱਲ ਮੋੜ ਦਿੱਤਾ ਗਿਆ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਬੱਸ ਇੰਨਾ ਹੀ ਕਿਹਾ ਕਿ ਉਹ ਸਭ ਤੋਂ ਬੁਰੇ ਨਤੀਜੇ ਭੁਗਤਣ ਲਈ ਤਿਆਰ ਹਨ। ਅਜੇ ਤੱਕ ਕੋਰੋਨਾਵਾਇਰਸ ਦੇ ਕਾਰਨਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ ਤੇ ਬੱਸ ਇੰਨਾ ਹੀ ਕਿਹਾ ਗਿਆ ਹੈ ਕਿ ਇਹ ਵਾਇਰਸ ਜਾਨਵਰਾਂ ਤੋਂ ਆਇਆ ਹੈ।

20 ਹਵਾਈ ਅੱਡਿਆਂ 'ਤੇ ਹੋ ਰਹੀ ਹੈ ਸਕ੍ਰੀਨਿੰਗ
ਚੀਨ ਤੋਂ ਆ ਰਹੇ ਇਸ ਜਹਾਜ਼ ਨੂੰ ਬੁੱਧਵਾਰ ਤੜਕੇ ਲੈਂਡ ਕਰਨਾ ਹੈ। ਅਲਾਸਕਾ ਦੇ ਟੇਡ ਸਟੀਵੰਸ ਏਂਕੋਰੇਜ ਇੰਟਰਨੈਸ਼ਨਲ ਏਅਰਪੋਰਟ ਦੇ ਮੈਨੇਜਰ ਨੇ ਦੱਸਿਆ ਕਿ ਫਲਾਈਟ ਦੇ ਅਲਾਸਕਾ ਪਹੁੰਚਣ 'ਤੇ ਯਾਤਰੀਆਂ ਨੂੰ ਕਸਟਮ ਤੋਂ ਜ਼ਰੂਰੀ ਕੰਮਾਂ ਨੂੰ ਪੂਰਾ ਕਰਨਾ ਪਵੇਗਾ। ਇਸ ਤੋਂ ਇਲਾਵਾ ਸੈਂਟਰਲ ਫਾਰ ਡਿਸੀਜ਼ ਕੰਟਰੋਲ ਵਲੋਂ ਸਾਰਿਆਂ ਦੀ ਸਕ੍ਰੀਨਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਉਹਨਾਂ ਨੂੰ ਜਹਾਜ਼ ਵਿਚ ਵਾਪਸ ਚੜ੍ਹਨ ਦੀ ਮਨਜ਼ੂਰੀ ਮਿਲੇਗੀ ਤੇ ਉਥੋਂ ਸਾਰੇ ਕੈਲੀਫੋਰਨੀਆ ਦੇ ਓਨਟਾਰੀਓ ਲਈ ਰਵਾਨਾ ਹੋਣਗੇ। ਜਿਸ ਟਰਮੀਨਲ 'ਤੇ ਯਾਤਰੀ ਹੋਣਗੇ, ਉਸ ਨੂੰ ਪੂਰੀ ਤਰ੍ਹਾਂ ਨਾਲ ਖਾਲੀ ਕਰਾ ਲਿਆ ਗਿਆ ਹੈ। ਅਮਰੀਕਾ ਦੇ ਸਿਹਤ ਵਿਭਾਗ ਵਲੋਂ ਦੇਸ਼ ਭਰ ਦੇ 20 ਹਵਾਈ ਅੱਡਿਆਂ 'ਤੇ ਵਾਇਰਸ ਦੀ ਸਕ੍ਰੀਨਿੰਗ ਦੇ ਲਈ ਇੰਤਜ਼ਾਮ ਕੀਤੇ ਗਏ ਹਨ।


Baljit Singh

Content Editor

Related News