ਫਲੈਸ਼ ਇਲੈਕਟ੍ਰਾਨਿਕਸ ਨੇ ਰਾਇਲ ਐਨਫੀਲਡ ਦੇ ਖਿਲਾਫ ਅਮਰੀਕਾ ''ਚ ਕੀਤਾ ਮੁਕੱਦਮਾ

05/20/2019 5:16:30 PM

ਨਵੀਂ ਦਿੱਲੀ — ਵਾਹਨਾਂ ਦਾ ਸਾਜ਼ੋ-ਸਮਾਨ ਬਣਾਉਣ ਵਾਲੀ ਫਲੈਸ਼ ਇਲੈਕਟ੍ਰਾਨਿਕਸ ਇੰਡੀਆ ਨੇ ਇਲੈਕਟ੍ਰਾਨਿਕ ਉਪਕਰਣ ਦੇ ਉਤਪਾਦਨ ਦੇ ਮਾਮਲੇ 'ਚ ਪੇਟੈਂਟ ਦਾ ਉਲੰਘਣ ਕਰਨ ਨੂੰ ਲੈ ਕੇ ਰਾਇਲ ਐਨਫੀਲਡ ਦੇ ਖਿਲਾਫ ਅਮਰੀਕਾ ਵਿਚ ਮੁਕੱਦਮਾ ਦਾਇਰ ਕੀਤਾ ਹੈ। ਰਾਇਲ ਐਨਫੀਲਡ ਮਹਿੰਗੇ ਮੋਟਰਸਾਈਕਲ ਬਣਾਉਣ ਵਾਲੀ ਕੰਪਨੀ ਹੈ। ਪੂਣੇ ਦੀ ਇਸ ਕੰਪਨੀ ਨੇ ਕਿਹਾ ਕਿ ਮੁਕੱਦਮੇ ਦੇ ਤਹਿਤ ਰਾਇਲ ਐਨਫੀਲਡ ਨੇ 'ਰੈਗੁਲੇਟਰ ਰੈਕਟੀਫਾਇਰ ਡਿਵਾਈਸ' ਅਤੇ ਇਸ ਨਾਲ ਸੰਬੰਧਿਤ ਵੋਲਟੇਜ ਕੰਟਰੋਲ ਕਰਨ ਦੇ ਉਪਾਅ 'ਤੇ ਉਸਦੇ ਪੇਟੈਂਟ ਦਾ ਉਲੰਘਣ ਕੀਤਾ ਹੈ। 

ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਸਦੇ ਉਤਪਾਦ ਲਈ ਪੇਟੈਂਟ ਯੂਨਾਇਟਿਡ ਸਟੇਟਸ ਪੇਟੈਂਟ ਐਂਡ ਟ੍ਰੇਡਮਾਰਕ ਆਫਿਸ(USPTO) ਨੇ ਬਕਾਇਦਾ 20 ਫਰਵਰੀ 2018 ਨੂੰ ਜਾਰੀ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਦੀ ਖੋਜ ਅਤੇ ਵਿਕਾਸ ਟੀਮ ਨੇ 2014 ਵਿਚ ਇਸ ਉਪਕਰਣ ਨੂੰ ਤਿਆਰ ਕਰ ਲਿਆ ਸੀ। ਉਸ ਸਮੇਂ ਤੋਂ ਫਲੈਸ਼ ਇਲੈਕਟ੍ਰਾਨਿਕਸ ਦੇਸ਼ ਅਤੇ ਵਿਦੇਸ਼ ਦੇ ਕਈ ਪ੍ਰਮੁੱਖ ਦੋ ਪਹੀਆ ਵਾਹਨ ਨਿਰਮਾਤਾਵਾਂ ਨੂੰ ਇਸ ਉਪਕਰਣ ਦੀ ਸਪਲਾਈ ਕਰ ਰਿਹਾ ਹੈ। ਫਲੈਸ਼ ਇਲੈਕਟ੍ਰਾਨਿਕਸ ਇੰਡੀਆ ਦੇ ਸੰਸਥਾਪਕ ਅਤੇ ਮੈਨੇਜਿੰਗ ਡਾਇਰੈਕਟਰ ਸੰਜੀਵ ਵਾਸਦੇਵ ਨੇ ਕਿਹਾ, 'ਅਸੀਂ ਦੇਸ਼-ਵਿਦੇਸ਼ 'ਚ ਪ੍ਰਮੁੱਖ ਵਾਹਨ ਨਿਰਮਾਤਾਵਾਂ ਲਈ ਇਕ ਭਰੋਸੇਮੰਦ ਸਪਲਾਇਰ ਰਹੇ ਹਾਂ। ਰਾਇਲ ਐਨਫੀਲਡ ਵਲੋਂ ਅਚਾਨਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਣਾ ਮੰਦਭਾਗਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਇਤਰਾਜ਼ਯੋਗ ਹੈ ਅਤੇ ਇਸ ਨਾਲ ਰਾਇਲ ਐਨਫੀਲਡ ਦੀ ਭਰੋਸੇਯੋਗਤਾ ਪ੍ਰਭਾਵਿਤ ਹੋਈ ਹੈ। ਵਾਸਦੇਵ ਨੇ ਦਾਅਵਾ ਕੀਤਾ ਹੈ ਕਿ ਮਾਮਲੇ ਦੇ ਨਿਪਟਾਨ ਲਈ ਫਲੈਸ਼ ਨਾਲਂ ਰਾਇਲ ਐਨਫੀਲਡ ਦੇ ਤਿੰਨ ਅਧਿਕਾਰੀਆਂ ਨੇ 12 ਅਕਤੂਬਰ 2018 ਨੂੰ ਨਵੀਂ ਦਿੱਲੀ ਵਿਚ ਸੰਪਰਕ ਕੀਤਾ ਸੀ ਅਤੇ ਮੁਕੱਦਮਾ ਦਾਇਰ ਨਾ ਕਰਨ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਕਿਹਾ, 'ਫਲੈਸ਼ ਨੇ ਇਸ ਬੈਠਕ ਦੇ ਨਤੀਜੇ ਦਾ ਇੰਤਜ਼ਾਰ ਕੀਤਾ ਪਰ ਰਾਇਲ ਐਨਫੀਲਡ ਨੇ ਮਾਮਲੇ ਨੂੰ ਨਹੀਂ ਸੁਲਝਾਇਆ।'


Related News