ਤੁਰਕੀ ''ਚ ਵਿਸਫੋਟਕ ਅਤੇ ਰਾਕੇਟ ਬਣਾਉਣ ਵਾਲੀ ਫੈਕਟਰੀ ''ਚ ਧਮਾਕਾ, 5 ਲੋਕਾਂ ਦੀ ਮੌਤ
Saturday, Jun 10, 2023 - 04:26 PM (IST)
ਅੰਕਾਰਾ (ਭਾਸ਼ਾ)- ਤੁਰਕੀ ਦੀ ਇਕ ਫੈਕਟਰੀ ਵਿਚ ਸ਼ਨੀਵਾਰ ਨੂੰ ਹੋਏ ਧਮਾਕੇ ਵਿਚ 5 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਇਕ ਇਮਾਰਤ ਦਾ ਕੁਝ ਹਿੱਸਾ ਢਹਿ ਗਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਗਵਰਨਰ ਵਾਸਿਪ ਸਾਹੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ ਦੀ ਰਾਜਧਾਨੀ ਅੰਕਾਰਾ ਦੇ ਬਾਹਰੀ ਇਲਾਕੇ ਵਿਚ ਸਰਕਾਰੀ ਕੰਪਨੀ ਮਕੈਨੀਕਲ ਅਤੇ ਕੈਮੀਕਲ ਇੰਡਸਟਰੀ ਕਾਰਪੋਰੇਸ਼ਨ ਦੇ ਕੰਪਲੈਕਸ 'ਚ ਸਵੇਰੇ 9 ਵਜੇ ਦੇ ਕਰੀਬ ਧਮਾਕਾ ਹੋਇਆ। ਫੈਕਟਰੀ ਵਿੱਚ ਵਿਸਫੋਟਕ ਅਤੇ ਰਾਕੇਟ ਬਣਾਏ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਡਾਇਨਾਮਾਈਟ ਦੇ ਉਤਪਾਦਨ ਦੌਰਾਨ ਰਸਾਇਣਕ ਕਿਰਿਆ ਕਾਰਨ ਇਹ ਧਮਾਕਾ ਹੋਇਆ ਹੈ। ਪ੍ਰਾਈਵੇਟ ਐੱਨ.ਟੀ.ਵੀ. ਟੈਲੀਵਿਜ਼ਨ ਚੈਨਲ ਨੇ ਦੱਸਿਆ ਕਿ ਫੈਕਟਰੀ ਦੇ ਕੰਪਲੈਕਸ ਵਿਚੋਂ ਧੂੰਆਂ ਉੱਠਦਾ ਨਜ਼ਰ ਆਇਆ ਅਤੇ ਐਂਬੂਲੈਂਸਾਂ ਅਤੇ ਅੱਗ ਬੁਝਾਉ ਗੱਡੀਆਂ ਨੂੰ ਘਟਨਾ ਸਥਾਨ 'ਤੇ ਭੇਜਿਆ ਗਿਆ। ਟੈਲੀਵਿਜ਼ਨ ਦੀਆਂ ਖ਼ਬਰ ਮੁਤਾਬਕ ਧਮਾਕੇ ਕਾਰਨ ਆਸ-ਪਾਸ ਦੀਆਂ ਦੁਕਾਨਾਂ ਅਤੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਚੈਨਲ ਮੁਤਾਬਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਰਿਸ਼ਤੇਦਾਰ ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਉੱਥੇ ਪੁੱਜੇ।