ਕਿਸਾਨ ਅੰਦੋਲਨ : ਬ੍ਰਿਸਬੇਨ ਵਿਖੇ ਬੀਬੀਆਂ ਨੇ ਆਯੋਜਿਤ ਕੀਤੀ ਵਿਸ਼ਵ ਦੀ ਪਹਿਲੀ ਕਾਰ ਰੈਲੀ
Wednesday, Jan 27, 2021 - 07:43 AM (IST)
ਬ੍ਰਿਸਬੇਨ, ( ਸਤਵਿੰਦਰ ਟੀਨੂੰ ) : ਕਿਸਾਨ ਸੰਘਰਸ਼ ਜੋ ਕਿ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋ ਕੇ ਪੂਰੇ ਭਾਰਤ ਵਿਚ ਫੈਲ ਚੁੱਕਾ ਹੈ, ਨੂੰ ਦੇਸ਼-ਵਿਦੇਸ਼ ਵਿੱਚੋਂ ਭਰਵਾਂ ਸਮਰਥਨ ਮਿਲ ਰਿਹਾ ਹੈ। ਇਸ ਲੜੀ ਤਹਿਤ ਆਸਟ੍ਰੇਲੀਆ ਦੇ ਕੁਈਨਜ਼ਲੈਂਡ ਸੂਬੇ ਦੇ ਖੂਬਸੂਰਤ ਸ਼ਹਿਰ ਬ੍ਰਿਸਬੇਨ ਵਿਖੇ ਬੀਬੀਆਂ ਵਲੋਂ ਇਕ ਵਿਸ਼ਾਲ ਕਾਰ ਰੈਲੀ ਦਾ ਆਯੋਜਿਤ ਕੀਤਾ ਗਿਆ।
ਇਸ ਦੀ ਕਾਰਵਾਈ ਬ੍ਰਿਸਬੇਨ ਦੀ ਕਿਸਾਨ ਮਜ਼ਦੂਰ ਸਘੰਰਸ਼ ਲਈ ਬਣੀ ਪਲੇਠੀ ਸੰਸਥਾ ਕਿਸਾਨ ਮਜ਼ਦੂਰ ਏਕਤਾ ਕਮੇਟੀ ਵਲੋਂ ਕੀਤੀ ਗਈ। ਇਹ ਕਾਰ ਰੈਲੀ ਗੁਰਦੁਆਰਾ ਸਾਹਿਬ ਏਟ ਮਾਈਲਜ਼ ਪਲੇਨ ਤੋਂ ਸ਼ੁਰੂ ਹੋਈ। ਕਾਰ ਰੈਲੀ ਦੀ ਸ਼ੁਰੂਆਤ ਸੰਸਥਾ ਦੇ ਪ੍ਰਧਾਨ ਸ. ਅਮਰਜੀਤ ਸਿੰਘ ਮਾਹਲ ਵਲੋਂ ਤਿੰਨ ਝੰਡੇ ਦਿਖਾ ਕੇ ਕੀਤੀ ਗਈ।
ਉਨ੍ਹਾਂ ਦੇ ਹੱਥ ਵਿਚ ਭਾਰਤ, ਆਸਟ੍ਰੇਲੀਆ ਅਤੇ ਕਿਸਾਨਾਂ ਦੇ ਝੰਡੇ ਫੜੇ ਹੋਏ ਸਨ। ਉਨ੍ਹਾਂ ਦੱਸਿਆ ਕਿ ਭਾਰਤ ਦਾ ਝੰਡਾ ਗਣਤੰਤਰ ਦਿਵਸ, ਆਸਟ੍ਰੇਲੀਆ ਦਾ ਝੰਡਾ ਆਸਟ੍ਰੇਲੀਆ ਡੇਅ ਅਤੇ ਕਿਸਾਨ ਦਾ ਝੰਡਾ ਕਿਸਾਨੀ ਨੂੰ ਦਰਸਾਉਂਦਾ ਹੈ। ਉਨ੍ਹਾਂ ਮੀਡੀਆ ਰਾਹੀਂ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਸਰਕਾਰ ਨੂੰ ਕਿਸਾਨਾਂ ਦੇ ਹਿੱਤ ਧਿਆਨ ਵਿੱਚ ਰੱਖਦੇ ਹੋਏ ਤਿੰਨੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਸ. ਸੁਰਿੰਦਰ ਸਿੰਘ, ਲਵਲੀਨ ਕੌਰ, ਨੀਤੂ ਮਲਿਕ ਸੁਹਾਗ, ਸ਼੍ਰੀਮਤੀ ਦਮਨ ਮਲਿਕ ਜੀ ਆਦਿ ਹਾਜ਼ਰ ਸਨ। ਇਹ ਰੈਲੀ ਸਵੇਰੇ ਲਗਭਗ 10:15 ਵਜੇ ਸ਼ੁਰੂ ਹੋ ਕੇ 11:30 ਵਜੇ ਗੇਟਵੇਅ ਹਾਈਵੇਅ ਤੋਂ ਹੁੰਦੀ ਹੋਈ ਗੁਰੂਘਰ ਟਾਇਗਮ ਵਿਖੇ ਪਹੁੰਚੀ। ਇੱਥੇ ਰੈਲੀ ਦਾ ਭਰਵਾਂ ਸਤਿਕਾਰ ਕੀਤਾ ਗਿਆ। ਇਸ ਮੌਕੇ ਸ. ਰਣਦੀਪ ਸਿੰਘ ਜੌਹਲ, ਨੀਤੂ ਮਲਿਕ, ਲਵਲੀਨ ਕੌਰ ਤੇ ਹੋਰਨਾਂ ਵਲੋਂ ਵੀ ਤਕਰੀਰਾਂ ਕੀਤੀਆਂ ਗਈਆਂ।