ਪੰਜਾਬੀ ਕੁੜੀ ਦੇ ਹੁਸਨ ਦੇ ਦੀਵਾਨੇ ਹੋਏ ਕੈਨੇਡਾ ਵਾਲੇ, ਮੈਗਜ਼ੀਨ ਦੇ ਕਵਰ ਪੇਜ ''ਤੇ ਪਾਏਗੀ ਧਮਾਲ (ਤਸਵੀਰਾਂ)

03/20/2017 12:41:01 PM

ਬਠਿੰਡਾ/ਟੋਰਾਂਟੋ— ਪੰਜਾਬੀ ਮੂਲ ਦੀ ਕੈਨੇਡੀਅਨ ਕੁੜੀ ਬਾਲੀ ਕੌਰ ਬਾਸੀ ਕੈਨੇਡਾ ਦੀ ਖੂਬਸੂਰਤੀ ਨਾਲ ਸੰਬੰਧਤ ਮੈਗਜ਼ੀਨ ''ਗਲੋਅ'' ਦੇ ਕਵਰ ਪੇਜ ''ਤੇ ਦਿਖਾਈ ਦੇਵੇਗੀ। ਉਹ ਅਜਿਹਾ ਕਰਨ ਵਾਲੀ ਪਹਿਲੀ ਪੰਜਾਬੀ ਕੁੜੀ ਹੋਵੇਗੀ। ਕੁਝ ਮਹੀਨੇ ਪਹਿਲਾਂ ਹੀ ਮਾਡਲਿੰਗ ਦੀ ਸ਼ੁਰੂਆਤ ਕਰਨ ਵਾਲੀ ਬਾਸੀ ਕੈਨੇਡਾ ਵਿਚ ਖੂਬਸੂਰਤੀ ਦੀ ਵੱਖਰੀ ਪਰਿਭਾਸ਼ਾ ਬਣ ਕੇ ਉੱਭਰੀ ਹੈ। ਫੈਸ਼ਨ ਦੀ ਦੁਨੀਆ ਵਿਚ ਇੰਨੇਂ ਥੋੜ੍ਹੇ ਸਮੇਂ ਵਿਚ ਉਸ ਨੇ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਮੈਗਜ਼ੀਨ ਦੇ ਅਪ੍ਰੈਲ ਮਹੀਨੇ ਦੇ ਅੰਕ ਵਿਚ ਬਾਸੀ ਦਾ ਚਿਹਰਾ ਕਵਰ ਪੇਜ ਦੀ ਸ਼ੋਭਾ ਵਧਾਏਗਾ ਤਾਂ ਹਰ ਪੰਜਾਬੀ ਦਾ ਸਿਰ ਮਾਣ ਨਾਲ ਉੱਚਾ ਹੋ ਜਾਵੇਗਾ। ਇਸ ਤੋਂ ਇਲਾਵਾ ਉਹ ਜੋਇ ਫਰੈਸ਼, ਸੀਅਰਸ ਵਰਗੇ ਬ੍ਰਾਂਡਾਂ ਅਤੇ ਟੋਰਾਂਟੋ ਟੂਰਿਜ਼ਮ ਮੈਗਜ਼ੀਨ ਵਿਚ ਵੀ ਦਿਖਾਈ ਦੇ ਚੁੱਕੀ ਹੈ। ਉਹ ਮਨੁੱਖੀ ਅਧਿਕਾਰਾਂ ਲਈ ਵੀ ਕੰਮ ਕਰਦੀ ਹੈ। 
ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਨਾਲ ਹੈ ਸੰਬੰਧ—
ਬਾਸੀ ਦਾ ਸੰਬੰਧ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਸਥਿਤ ਪਿੰਡ ਕਲੇਵਾਲ ਨਾਲ ਹੈ। ਉਸ ਦੇ ਮਾਤਾ-ਪਿਤਾ ਕਲੇਵਾਲ ਪਿੰਡ ਦੇ ਰਹਿਣ ਵਾਲੇ ਹਨ, ਜਦੋਂ ਕਿ ਬਾਸੀ ਦਾ ਜਨਮ ਕੈਨੇਡਾ ਵਿਚ ਹੀ ਹੋਇਆ। ਆਪਣੀ ਸਫਲਤਾ ''ਤੇ ਬਾਸੀ ਨੇ ਕਿਹਾ ਕਿ ਇਹ ਮੈਗਜ਼ੀਨ ਵੱਖ-ਵੱਖ ਖੇਤਰਾਂ ਦੀਆਂ ਔਰਤਾਂ ਦੀਆਂ ਸਫਲਤਾ ਦੀਆਂ ਕਹਾਣੀਆਂ ਛਾਪਦੀ ਹੈ। ਉਸ ਨੇ ਕਿਹਾ ਕਿ ਫੈਸ਼ਨ ਦੀ ਦੁਨੀਆ ਵਿਚ ਆਉਣ ਲਈ ਉਸ ਨੇ ਆਪਣੇ ਮਾਤਾ-ਪਿਤਾ ਨੂੰ ਕਾਫੀ ਸਮਝਾਇਆ। ਉਸ ਦਾ ਮੰਨਣਾ ਹੈ ਕਿ ਉਸ ਦੀ ਸਫਲਤਾ ਬਾਕੀ ਕੁੜੀਆਂ ਲਈ ਵੀ ਇਸ ਫੈਸ਼ਨ ਸੰਸਾਰ ਦੇ ਦਰਵਾਜ਼ੇ ਖੋਲ੍ਹ ਦੇਵੇਗੀ। ਬਾਸੀ ਦੀ ਇਸ ਸਫਲਤਾ ਤੋਂ ਬਾਅਦ ਸੋਸ਼ਲ ਮੀਡੀਆ ਸਾਈਟਾਂ ''ਤੇ ਉਸ ਲਈ ਵਧਾਈ ਸੰਦੇਸ਼ਾਂ ਦੀ ਝੜੀ ਲੱਗ ਗਈ। ਟੋਰਾਂਟੋ ਆਧਾਰਤ ਲੇਖਿਕਾ ਅਤੇ ਕਵਿਤਰੀ ਰੂਪੀ ਕੌਰ ਨੇ ਕਿਹਾ ਕਿ ਇਹ ਖੁਸ਼ੀ ਦਾ ਪਲ ਹੈ। ਉਨ੍ਹਾਂ ਕਿਹਾ ਕਿ ਇਹ ਪੂਰੀ ਪੰਜਾਬੀ ਕੌਮ ਲਈ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਵਿਚ ਪੰਜਾਬੀ ਕੁੜੀਆਂ ਵੱਖਰਾ ਮੁਕਾਮ ਹਾਸਲ ਕਰ ਰਹੀਆਂ ਹਨ।

Kulvinder Mahi

News Editor

Related News