ਦੁਨੀਆ ਦਾ ''ਫੇਫੜਾ'' ਕਹੇ ਜਾਣ ਵਾਲੇ ਅਮੇਜ਼ਨ ਜੰਗਲ ''ਚ ਲੱਗੀ ਭਿਆਨਕ ਅੱਗ (ਤਸਵੀਰਾਂ-ਵੀਡੀਓ)

08/22/2019 3:42:58 PM

ਅਮੇਜ਼ਨ— ਪੂਰੀ ਦੁਨੀਆ ਦੀ 20 ਫੀਸਦੀ ਆਕਸੀਜਨ ਦੇਣ ਵਾਲਾ ਅਮੇਜ਼ਨ ਜੰਗਲ ਕਰੀਬ ਦੋ ਹਫਤਿਆਂ ਤੋਂ ਅੱਗ ਦਾ ਸੇਕ ਝੱਲ ਰਿਹਾ ਹੈ। ਦੱਖਣੀ ਅਮਰੀਕਾ ਦੇ ਬ੍ਰਾਜ਼ੀਲ 'ਚ ਮੌਜੂਦ ਦੁਨੀਆ ਦਾ ਸਭ ਤੋਂ ਵੱਡਾ ਜੰਗਲ ਤੇ ਦੁਨੀਆ ਦੇ ਫੇਫੜੇ ਦੇ ਨਾਂ ਨਾਲ ਮਸ਼ਹੂਰ ਜੰਗਲ 'ਚ ਅੱਗ ਬੁਝਣ ਦਾ ਨਾਂ ਹੀ ਨਹੀਂ ਲੈ ਰਹੀ। ਇਸ ਸਾਲ ਇਥੇ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਪਰ ਹਾਲ ਦੀ ਅੱਗ ਭਿਆਨਕ ਹੁੰਦੀ ਜਾਂ ਰਹੀ ਹੈ। ਇਸ ਅੱਗ ਕਾਰਨ ਅਮੇਜ਼ਨ, ਰੋਡਾਂਨਿਆ ਤੇ ਸਾਓ ਪਾਓਲੋ 'ਚ ਹਨੇਰਾ ਹੋ ਗਿਆ ਹੈ। ਇਸ ਅੱਗ ਕਾਰਨ ਕਰੀਬ 2700 ਕਿਲੋਮੀਟਰ ਦਾ ਖੇਤਰ ਪ੍ਰਭਾਵਿਤ ਹੋਇਆ ਹੈ।

ਪੂਰੀ ਦੁਨੀਆ ਤੋਂ ਲੋਕ ਸੋਸ਼ਲ ਸਾਈਟਾਂ 'ਤੇ ਇਥੋਂ ਦੀਆਂ ਫੋਟੋਆਂ ਤੇ ਵੀਡੀਓਜ਼ ਸ਼ੇਅਰ ਕਰ ਰਹੇ ਹਨ। ਨਾਲ ਹੀ ਸਰਕਾਰਾਂ ਨੂੰ ਇਸ ਨੂੰ ਠੀਕ ਕਰਨ ਦੀ ਵੀ ਅਪੀਲ ਤੇ ਜੰਗਲੀ ਜਾਨਵਰਾਂ ਲਈ ਪ੍ਰਾਰਥਨਾ ਕਰ ਰਹੇ ਹਨ। ਬ੍ਰਾਜ਼ੀਲ ਦੇ ਸਥਾਨਕ ਲੋਕ ਮੀਡੀਆ ਤੋਂ ਨਾਰਾਜ਼ ਹਨ ਕਿਉਂਕਿ ਉਨ੍ਹਾਂ ਮੁਤਾਬਕ ਅੱਗ ਅਗਸਤ ਦੇ ਪਹਿਲੇ ਹਫਤੇ ਲੱਗ ਗਈ ਸੀ ਪਰ ਅੰਤਰਰਾਸ਼ਟਰੀ ਮੀਡੀਆ ਨੇ ਇਸ ਖਬਰ ਨੂੰ ਅਹਿਮੀਅਤ ਨਹੀਂ ਦਿੱਤੀ।

ਅੱਗ ਦੀਆਂ ਘਟਨਾਵਾਂ 'ਚ ਹੋਇਆ 83 ਫੀਸਦੀ ਵਾਧਾ
ਉਥੇ ਹੀ ਸਪੇਸ ਸਟੇਸ਼ਨ ਤੋਂ ਮਿਲੀਆਂ ਤਸਵੀਰਾਂ ਮੁਤਾਬਕ ਪਿਛਲੇ ਸਾਲ ਹੀ ਅਮੇਜ਼ਨ ਦੇ ਜੰਗਲਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ 'ਚ 83 ਫੀਸਦੀ ਦਾ ਵਾਧਾ ਹੋ ਗਿਆ ਸੀ। ਇਸ ਨਾਲ ਇਥੇ ਪ੍ਰਦੂਸ਼ਣ ਦਾ ਪੱਧਰ ਵੀ ਬਹੁਤ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਹੈ। ਇਸ ਸਾਲ ਦੀ ਸ਼ੁਰੂਆਤ 'ਚ ਅਮੇਜ਼ਨ ਦੇ ਜੰਗਲਾਂ 'ਚ 73 ਹਜ਼ਾਰ ਤੋਂ ਜ਼ਿਆਦਾ ਵਾਰ ਅੱਗ ਲੱਗੀ ਹੈ।

ਟਵਿੱਟਰ 'ਤੇ ਟ੍ਰੈਂਡ ਹੋ ਰਿਹੈ #PrayForTheAmazon
ਟਵਿੱਟਰ 'ਤੇ #PrayForTheAmazon ਟ੍ਰੈਂਡ ਹੋ ਰਿਹਾ ਹੈ। ਲੋਕ ਇਸ ਦੇ ਰਾਹੀਂ ਬ੍ਰਾਜ਼ੀਲ ਦੀ ਸਰਕਾਰ ਤੇ ਅੰਤਰਰਾਸ਼ਟਰੀ ਸੰਸਥਾਵਾਂ ਨੂੰ ਅਪੀਲ ਕਰ ਰਹੇ ਹਨ ਕਿ ਅਮੇਜ਼ਨ ਦੇ ਜੰਗਲ ਦੇ ਲਈ ਕੁਝ ਕਰਨ। ਹੁਣ ਤੱਕ ਢਾਈ ਲੱਖ ਤੋਂ ਜ਼ਿਆਦਾ ਲੋਕ ਇਸ ਬਾਰੇ ਟਵੀਟ ਕਰ ਚੁੱਕੇ ਹਨ।

ਲੋਕ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਠਹਿਰਾ ਰਹੇ ਹਨ ਦੋਸ਼ੀ
ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਏਰ ਬੋਲਸੋਨਾਰੋ ਨੇ ਅਮੇਜ਼ਨ ਦੇ ਜੰਗਲਾਂ ਦੀ ਕਟਾਈ ਦੇ ਅੰਕੜਿਆਂ ਵਿਚਾਲੇ ਇਸ ਨਾਲ ਜੁੜੀ ਇਕ ਮਹੱਤਵਪੂਰਨ ਇਕਾਈ ਨੂੰ ਹਟਾ ਦਿੱਤਾ ਹੈ। ਉਥੇ ਹੀ ਸੁਰੱਖਿਆਵਾਦੀਆਂ ਨੇ ਬੋਲਸੋਨਾਰੋ ਨੂੰ ਹੀ ਇਸ ਘਟਨਾ ਲਈ ਦੋਸ਼ੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੋਲਸੋਨਾਰੋ ਲੋਕਾਂ ਤੇ ਕਿਸਾਨਾਂ ਨੂੰ ਜ਼ਮੀਨ ਖਾਲੀ ਕਰਨ ਲਈ ਉਕਸਾ ਰਹੇ ਹਨ।


ਜੰਗਲ 'ਚ ਮਰਨ ਵਾਲੇ ਜਾਨਵਰਾਂ ਦੀਆਂ ਤਸਵੀਰਾਂ ਵੀ ਆ ਰਹੀਆਂ ਹਨ ਸਾਹਮਣੇ

ਜੰਗਲ 'ਚ ਅੱਗ ਲੱਗਣ ਨਾਲ ਜੰਗਲੀ ਜੀਵ-ਜੰਤੂਆਂ ਦੀ ਮੌਤ ਹੋ ਰਹੀ ਹੈ। ਬਹੁਤ ਲੋਕ ਮਰਨ ਵਾਲੇ ਜਾਨਵਰਾਂ ਦੀਆਂ ਤਸਵੀਰਾਂ ਵੀ ਟਵੀਟ ਕਰ ਰਹੇ ਹਨ। ਕਈ ਜਾਨਵਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜੋ ਅੱਗ ਲੱਗਣ ਕਾਰਨ ਜ਼ਖਮੀ ਹੋਏ ਹਨ।

ਕਿਉਂ ਖਾਸ ਹੈ ਅਮੇਜ਼ਨ ਦਾ ਜੰਗਲ
ਅਮੇਜ਼ਨ ਦੇ ਜੰਗਲ 55 ਲੱਖ ਵਰਗ ਕਿਲੋਮੀਟਰ ਦੇ ਖੇਤਰਫਲ 'ਚ ਫੈਲੇ ਹੋਏ ਹਨ। ਇਹ ਯੂਰਪੀ ਸੰਘ ਦੇ ਦੇਸ਼ਾਂ ਤੋਂ ਕਰੀਬ ਡੇਢ ਗੁਣਾ ਵੱਡਾ ਹੈ। ਅਮੇਜ਼ਨ ਦੇ ਜੰਗਲਾਂ ਨੂੰ ਦੁਨੀਆ ਦਾ ਫੇਫੜਾ ਕਿਹਾ ਜਾਂਦਾ ਹੈ। ਕਿਉਂਕਿ ਇਹ ਪੂਰੀ ਦੁਨੀਆ 'ਚ ਮੌਜੂਦ ਆਕਸੀਜਨ ਦਾ 20 ਫੀਸਦੀ ਹਿੱਸਾ ਪੈਦਾ ਕਰਦਾ ਹੈ। ਅਮੇਜ਼ਨ ਦੇ ਜੰਗਲਾਂ 'ਚ 16 ਹਜ਼ਾਰ ਤੋਂ ਜ਼ਿਆਦਾ ਦਰਖਤਾਂ ਤੇ ਪੌਦਿਆਂ ਦੀਆਂ ਪ੍ਰਜਾਤੀਆਂ ਹਨ। ਇਥੇ ਕਰੀਬ 39 ਹਜ਼ਾਰ ਕਰੋੜ ਦਰੱਖਤ ਮੌਜੂਦ ਹਨ। ਇਥੇ 25 ਲੱਖ ਤੋਂ ਜ਼ਿਆਦਾ ਕੀੜਿਆਂ ਦੀਆਂ ਪ੍ਰਜਾਤੀਆਂ ਹਨ। ਇਨ੍ਹਾਂ ਜੰਗਲਾਂ 'ਚ 500 ਤੋਂ ਜ਼ਿਆਦਾ ਸਵਦੇਸ਼ੀ ਪ੍ਰਜਾਤੀਆਂ ਰਹਿੰਦੀਆਂ ਹਨ। ਇਨ੍ਹਾਂ 'ਚੋਂ ਕਰੀਬ 50 ਫੀਸਦੀ ਆਦੀਵਾਸੀ ਪ੍ਰਜਾਤੀਆਂ ਨੇ ਕਦੇ ਬਾਹਰ ਦੀ ਦੁਨੀਆ ਨਹੀਂ ਦੇਖੀ।


Baljit Singh

Content Editor

Related News