ਵਾਤਾਵਰਣ ਬਚਾਉਣ ਲਈ ਹੇਲਸਿੰਕੀ ਯੂਨੀਵਰਸਿਟੀ ਨੇ ਲਿਆ ਅਹਿਮ ਫੈਸਲਾ

10/17/2019 10:31:42 AM

ਹੇਲਸਿੰਕੀ (ਬਿਊਰੋ)— ਫਿਨਲੈਂਡ ਵਿਚ ਹੇਲਸਿੰਕੀ ਯੂਨੀਵਰਸਿਟੀ ਨੇ ਆਪਣੀ ਕੈਂਟੀਨ ਦੇ ਮੈਨਿਊ  (menu) ਵਿਚੋਂ ਬੀਫ ਹਟਾਉਣ ਦਾ ਫੈਸਲਾ ਲਿਆ ਹੈ। ਯੂਨੀਵਰਸਿਟੀ ਨੇ ਇਹ ਅਹਿਮ ਫੈਸਲਾ ਵਾਤਾਵਰਣ ਬਚਾਉਣ ਦੀ ਮੁਹਿੰਮ ਦੇ ਤਹਿਤ ਲਿਆ ਹੈ। ਵਿਦਿਆਰਥੀ ਸੰਘ ਵੱਲੋਂ ਚਲਾਏ ਜਾ ਰਹੇ ਯੂਨੀਸੈਫ ਕੈਫੇਟੇਰੀਆ ਨੇ ਇਹ ਐਲਾਨ ਕੀਤਾ ਕਿ ਉਹ ਫਰਵਰੀ 2019 ਤੋਂ ਆਪਣੇ ਦੁਪਹਿਰ ਦੇ ਭੋਜਨ ਵਿਚੋਂ ਬੀਫ ਨੂੰ ਕੱਢ ਦੇਵੇਗਾ। ਇਸ ਦੇ ਨਾਲ ਹੀ ਆਪਣੇ ਪਕਵਾਨਾਂ ਜਿਵੇਂ ਸੈਂਡਵਿਚ ਅਤੇ ਰੋਲ ਵਿਚੋਂ ਵੀ ਬੀਫ ਨੂੰ ਹਟਾ ਦੇਵੇਗਾ। ਯੂਨੀਸੈਫ ਮੁਤਾਬਕ ਬੀਫ 'ਤੇ ਰੋਕ ਲਗਾਉਣ ਨਾਲ ਉਸ ਦੇ ਭੋਜਨ ਨਾਲ ਸਬੰਧਤ ਕਾਰਬਨ ਫੁਟਪ੍ਰਿੰਟ ਵਿਚ 11 ਫੀਸਦੀ ਦੀ ਕਮੀ ਆਵੇਗੀ, ਜੋ ਸਾਲਾਨਾ 2 ਲੱਖ 40 ਹਜ਼ਾਰ ਕਿਲੋਗ੍ਰਾਮ ਕਾਰਬਨ ਡਾਈਆਕਸਾਈਡ ਦੇ ਬਰਾਬਰ ਹੈ। 

ਯੂਨੀਵਰਸਿਟੀ ਦਿਨ ਵਿਚ ਲੱਗਭਗ 11 ਹਜ਼ਾਰ ਲੋਕਾਂ ਨੂੰ ਭੋਜਨ ਦਿੰਦੀ ਹੈ, ਇਸ ਵਿਚ 15 ਫੀਸਦੀ ਨੂੰ ਮਾਂਸ ਸਰਵ ਕੀਤਾ ਜਾਂਦਾ ਹੈ। ਯੂਨੀਸੈਫ ਦੀ ਵਪਾਰ ਸੰਚਾਲਨ ਨਿਦੇਸ਼ਕ ਲੀਨਾ ਮੁਤਾਬਕ ਇਹ ਵਿਚਾਰ ਕਰਮਚਾਰੀਆਂ ਦੇ ਮਨ ਵਿਚ ਉਦੋਂ ਆਇਆ ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਇਹ ਕਾਰਬਨ ਫੁੱਟਪ੍ਰਿੰਟ ਵਿਚ ਮਹੱਤਵਪੂਰਨ ਕਟੌਤੀ ਕਰਨ ਦਾ ਇਕ ਮਹੱਤਵਪੂਰਨ ਤਰੀਕਾ ਹੋਵੇਗਾ। ਬੀਫ ਨੂੰ ਹੋਰ ਜਾਨਵਰਾਂ ਦੇ ਪ੍ਰੋਟੀਨ ਜਿਵੇਂ ਚਿਕਨ, ਪੋਰਕ ਅਤੇ ਨਾਲ ਹੀ ਸ਼ਾਕਾਹਾਰੀ ਵਿਕਲਪਾਂ ਵਿਚ ਬਦਲ ਦਿੱਤਾ ਜਾਵੇਗਾ।

ਹੇਲਸਿੰਕੀ ਯੂਨੀਵਰਸਿਟੀ ਦੇ ਕੈਫੇਟੇਰੀਆ ਵਿਚ ਰੋਜ਼ਾਨਾ ਦੇ ਸੰਚਾਲਨ ਨੂੰ ਸੰਭਾਲਣ ਵਾਲੀ ਕੰਪਨੀ ਯਲਵਾ ਦਾ ਟੀਚਾ ਅਗਲੇ ਸਾਲ ਦੇ ਅਖੀਰ ਤੱਕ ਸ਼ਾਕਾਹਾਰੀ ਭੋਜਨ ਦੀ ਵਿਕਰੀ ਨੂੰ 50 ਫੀਸਦੀ ਤੋਂ ਵੱਧ ਕਰਨਾ ਹੈ, ਜੋ ਹਾਲੇ ਸਿਰਫ 40 ਫੀਸਦੀ ਹੈ।


Vandana

Edited By Vandana