ਅਮਰੀਕਾ ''ਚ ਉਬਰ ਨੂੰ ਇੰਨੇ ਲੱਖ ਡਾਲਰ ਦਾ ਜੁਰਮਾਨਾ

11/22/2017 2:21:45 AM

ਡੈਨਵਰ— ਅਮਰੀਕਾ 'ਚ ਉਬਰ ਨੂੰ 89 ਲੱਖ ਦਾ ਜੁਰਮਾਨਾ ਕੀਤਾ ਗਿਆ ਹੈ ਜਿਸ ਨੇ ਯਾਤਰੀਆਂ ਦੀ ਸੇਵਾ ਲਈ ਅਪਰਾਧੀਆਂ ਨੂੰ ਟੈਕਸੀ ਡਰਾਈਵਰ ਦਾ ਕੰਮ ਸੌਂਪਿਆ। ਕੋਲੋਰਾਡੋ ਸੂਬੇ 'ਚ ਉਬਰ ਦੇ 57 ਡਰਾਈਵਰ ਸਵਾਲਾਂ ਦੇ ਘੇਰੇ 'ਚ ਆ ਗਏ ਜੋ ਅਤੀਤ 'ਚ ਗੰਭੀਰ ਅਪਰਾਧ ਕਰ ਚੁੱਕੇ ਹਨ ਜਾਂ ਮੋਟਰ ਵਹੀਕਲ ਨਿਯਮਾਂ ਨੂੰ ਤੋੜਨ ਦੇ ਆਦੀ ਹਨ। ਕੋਲੋਰਾਡੋ ਪਬਲਿਕ ਯੂਟੀਲਿਟੀਜ਼ ਕਮਿਸ਼ਨ ਨੇ ਦੱਸਿਆ ਕਿ ਪਿਛਲੇ ਸਾਲ ਉਬਰ ਡਰਾਈਵਰ 'ਤੇ ਇਕ ਯਾਤਰੀ ਦੀ ਕੁੱਟ-ਮਾਰ ਕਰਨ ਦੇ ਦੋਸ਼ ਲੱਗਣ ਪਿੱਛੋ ਜਾਂਚ ਸ਼ੁਰੂ ਕੀਤੀ ਗਈ। 18 ਮਹੀਨੇ ਦੀ ਜਾਂਚ ਦੌਰਾਨ ਕਮਿਸ਼ਨ ਨੇ ਸਿੱਟਾ ਕੱਢਿਆ ਕਿ ਉਬਰ ਦੇ ਡਰਾਈਵਰ ਜੇਲ ਤੋਂ ਫਰਾਰ ਹੋਣ, ਵਾਰ ਵਾਰ ਅਪਰਾਧ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਉਪਲੰਘਣਾ ਦੇ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਕਮਿਸ਼ਨ ਮੁਤਾਬਕ ਪਿਛੋਕੜ ਦੀ ਪਰਖ 'ਚ ਖਰੇ ਉਤਰਨ ਵਾਲੇ ਡਰਾਈਵਰਾਂ ਨੂੰ ਕੰਪਨੀ ਲਈ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਉਬਰ ਨੇ ਜੂਨ 2004 'ਚ ਕੋਲੋਰਾਡੋ ਸੂਬੇ 'ਚ ਟੈਕਸੀ ਸੇਵਾ ਦੀ ਸ਼ੁਰੂਆਤ ਕੀਤੀ ਸੀ। ਕੋਲੋਰਾਡੋ ਦੇ ਪਬਲਿਕ ਯੂਟੀਲਿਟੀਜ਼ ਕਮਿਸ਼ਨ ਵੱਲੋਂ ਜਨਵਰੀ 2016 'ਚ ਨਵੇਂ ਨਿਯਮ ਪੇਸ਼ ਕੀਤੇ ਗਏ ਸਨ ਜਿਨ੍ਹਾਂ ਨੂੰ ਲਾਗੂ ਕਰਨ ਉਬਰ ਲਈ ਲਾਜ਼ਮੀ ਸੀ। ਨਿਯਮਾਂ ਤਹਿਤ ਉਬਰ ਲਈ ਹਰ ਡਰਾਈਵਰ ਦੇ ਪਿਛੋਕੜ ਦੀ ਜਾਂਚ ਕਰਨੀ ਲਾਜ਼ਮੀ ਸੀ ਅਤੇ ਸੇਵਾ 'ਚ ਸ਼ਾਮਲ ਕੀਤੇ ਜਾਣ ਵਾਲੇ ਸਾਰੇ ਡਰਾਈਵਰਾਂ ਕੋਲ ਜਾਇਜ਼ ਲਾਇਸੰਸ ਹੋਣ ਦੀ ਗੱਲ ਵੀ ਆਖੀ ਗਈ। ਪਬਲਿਕ ਯੂਟੀਲਿਟੀਜ਼ ਕਮਿਸ਼ਨ ਦੇ ਡਰਾਈਰੈਕਟਰ ਡੂਗ ਡੀਨ ਨੇ ਕਿਹਾ ਕਿ ਉਬਰ ਨੂੰ ਸਾਰੇ ਡਰਾਈਵਰਾਂ ਦੇ ਪਿਛੋਕੜ ਬਾਰੇ ਰਿਕਾਰਡ ਤਿਆਰ ਕਰਦਿਆਂ ਅਯੋਗ ਡਰਾਈਵਰਾਂ ਨੂੰ ਸੇਵਾ ਤੋਂ ਬਾਹਰ ਕਰ ਦੇਣਾ ਚਾਹੀਦਾ ਸੀ ਪਰ ਅਜਿਹਾ ਨਾ ਹੋਇਆ। ਕੰਪਨੀ ਦੇ ਅਜਿਹੇ ਵਤੀਰੇ ਨਾਲ ਯਾਤਰੀਆਂ ਦੀ ਸੁਰੱਖਿਆ ਖਤਰੇ 'ਚ ਪੈ ਗਈ।
ਪਬਲਿਕ ਯੂਟਿਲਿਟੀਜ਼ ਕਮਿਸ਼ਨ ਨੇ ਮੁੱਖ ਕੰਪਨੀ ਰੇਜ਼ਰ ਐੱਲ.ਐੱਲ.ਸੀ. ਨੂੰ 57 ਡਰਾਈਵਰਾਂ ਵੱਲੋਂ ਲਾਈ ਗਈ ਹਰ ਦਿਹਾੜੀ ਦੇ ਇਵਜ਼ 'ਚ 2500 ਡਾਲਰ ਦਾ ਜ਼ੁਰਮਾਨਾ ਕੀਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ 12 ਡਰਾਈਵਰਾਂ ਨੇ ਗੰਭੀਰ ਅਪਰਾਧ ਕੀਤੇ ਸਨ ਜਦਕਿ 17 ਨੇ ਟ੍ਰੈਫ਼ਿਕ ਨਿਯਮਾਂ ਦੀ ਵੱਡੇ ਪੱਧਰ 'ਤੇ ਉਲੰਘਣਾ ਕੀਤਾ ਸੀ। ਉਬਰ ਕੋਲ ਜੁਰਮਾਨੇ ਦੀ ਰਕਮ ਦਾ ਅੱਧਾ ਹਿੱਸਾ ਭਰਨ ਲਈ 10 ਦਿਨ ਦਾ ਸਮਾਂ ਜਾਂ ਉਹ ਇਸ ਵਿਰੁੱਧ ਅਦਾਲਤ 'ਚ ਅਪੀਲ ਕਰ ਸਕਦੀ ਹੈ।


Related News