ਸਿੱਖ ਕੌਂਸਲ ਆਫ ਸਕਾਟਲੈਂਡ ਨੂੰ ਐਡਿਨਬਰਾ ਗੁਰਦੁਆਰਾ ਸਾਹਿਬ ਵੱਲੋਂ ਸਕੂਲ ਨਿਰਮਾਣ ਲਈ ਆਰਥਿਕ ਸਹਾਇਤਾ
Monday, Jul 04, 2022 - 12:40 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਿਕਲੀਗਰ ਵਣਜਾਰੇ ਸਿੱਖਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਮਨਸ਼ੇ ਨਾਲ ਸੇਵਾ ਕਾਰਜ ਕਰ ਰਹੀ ਸੰਸਥਾ ਸਿੱਖ ਕੌਂਸਲ ਆਫ ਸਕਾਟਲੈਂਡ ਵੱਲੋਂ ਐਡਿਨਬਰਾ ਗੁਰਦੁਆਰਾ ਸਾਹਿਬ ਨਤਮਸਤਕ ਹੋਇਆ ਗਿਆ। ਐਡਿਨਬਰਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਖਦੇਵ ਸਿੰਘ, ਬੀਜੇ ਸਿੰਘ, ਸਮੂਹ ਪ੍ਰਬੰਧਕ ਕਮੇਟੀ ਤੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਸਮੇਂ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਆਗੂ ਸਾਹਿਬਾਨ ਵੱਲੋਂ ਸੰਸਥਾ ਦੇ ਕੀਤੇ ਕਾਰਜਾਂ ਦੀ ਜਾਣ ਪਹਿਚਾਣ ਕਰਵਾਈ ਗਈ ਤੇ ਮੱਧ ਪ੍ਰਦੇਸ਼ ਵਿੱਚ ਸਿਕਲੀਗਰ ਸਿੱਖਾਂ ਦੇ ਬੱਚਿਆਂ ਲਈ ਬਣਨ ਜਾ ਰਹੇ ਵੱਡ ਆਕਾਰੀ ਸਕੂਲ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ-US Independence Day: ਦੁਨੀਆ ਦਾ ਤਾਕਤਵਰ ਦੇਸ਼ ਵੀ ਰਿਹਾ ਸੀ ਗੁਲਾਮ, ਜਾਣੋ ਇਤਿਹਾਸ
ਇਸ ਸਮੇਂ ਪ੍ਰਬੰਧਕ ਕਮੇਟੀ ਤੇ ਸੰਗਤਾਂ ਵੱਲੋਂ ਇਸ ਮਹਾਨ ਕਾਰਜ ਲਈ ਦਿਲ ਖੋਲ੍ਹ ਕੇ ਸਹਿਯੋਗ ਦਿੱਤਾ ਗਿਆ ਤੇ ਸੰਸਥਾ ਅਹੁਦੇਦਾਰਾਂ ਨੂੰ ਕਮੇਟੀ ਤਰਫੋਂ 1001 ਪੌਂਡ ਦਾ ਚੈੱਕ ਵੀ ਭੇਂਟ ਕੀਤਾ ਗਿਆ। ਜਿਸ ਦਾ ਧੰਨਵਾਦ ਕਰਦਿਆਂ ਸੰਸਥਾ ਦੇ ਮੋਢੀ ਸੇਵਾਦਾਰ ਗੁਰਦੀਪ ਸਿੰਘ ਸਮਰਾ, ਸੁਲੱਖਣ ਸਿੰਘ ਸਮਰਾ, ਸਰਦਾਰਾ ਸਿੰਘ ਜੰਡੂ, ਗੁਰਪ੍ਰੀਤ ਸਿੰਘ ਸਮਰਾ ਨੇ ਕਿਹਾ ਕਿ ਜਿਸ ਤਰ੍ਹਾਂ ਐਡਿਨਬਰਾ ਗੁਰੂਘਰ ਦੀਆਂ ਸੰਗਤਾਂ ਤੇ ਕਮੇਟੀ ਨੇ ਕੌਂਸਲ ਦੇ ਨਾਲ ਖੜ੍ਹਨ ਦਾ ਵਾਅਦਾ ਕੀਤਾ ਹੈ, ਸਕੂਲ ਦਾ ਪ੍ਰਾਜੈਕਟ ਨੇਪਰੇ ਚਾੜ੍ਹਨਾ ਬੇਹੱਦ ਸੌਖਾ ਲੱਗਣ ਲੱਗਿਆ ਹੈ। ਇਸ ਦੌਰਾਨ ਸਿੱਖ ਕੌਂਸਲ ਆਫ ਸਕਾਟਲੈਂਡ ਸੰਸਥਾ ਦੇ ਨਵੇਂ ਬਣੇ ਮੈਂਬਰ ਡਾ. ਸਤਬੀਰ ਕੌਰ ਗਿੱਲ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸੰਸਥਾ ਦੀ ਪ੍ਰਦਰਸ਼ਨੀ ਦੌਰਾਨ ਸੇਵਾ ਨਿਭਾਈ ਗਈ। ਜਿਸਦੀ ਸੰਗਤਾਂ ਵੱਲੋਂ ਭਰਪੂਰ ਸਰਾਹਨਾ ਕੀਤੀ ਗਈ।