ਜਾਣੋ ਉਸ ਤਿਉਹਾਰ ਬਾਰੇ, ਜਿਸ ਵਿਚ ਲੋਕ ਸਾੜ ਦਿੰਦੇ ਹਨ ਪੂਰਾ ਸ਼ਹਿਰ

09/03/2017 5:35:14 PM

ਨਿਊਯਾਰਕ— ਦੁਨੀਆ ਵਿਚ ਕਈ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹਨ। ਇਹ ਤਿਉਹਾਰ ਆਪਣੇ ਆਪ ਵਿਚ ਖਾਸ ਹੁੰਦੇ ਹਨ। ਇਨ੍ਹਾਂ ਤਿਉਹਾਰਾਂ ਦੀ ਖਾਸੀਅਤ ਹੀ ਇਨ੍ਹਾਂ ਨੂੰ ਮਹੱਤਵਪੂਰਣ ਬਣਾਉਂਦੀ ਹੈ ਪਰ ਕੀ ਤੁਸੀਂ ਕਦੇ ਅਜਿਹੇ ਤਿਉਹਾਰ ਬਾਰੇ ਸੁਣਿਆ ਹੈ, ਜਿਸ ਵਿਚ ਲੋਕ ਪੂਰਾ ਸ਼ਹਿਰ ਹੀ ਸਾੜ ਦਿੰਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਜਿਹਾ ਕਰਨ 'ਤੇ ਇਨ੍ਹਾਂ ਲੋਕਾਂ ਨੂੰ ਵਧਾਈ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਦੀ ਤਰੀਫ ਵੀ ਕੀਤੀ ਜਾਂਦੀ ਹੈ। ਇਹ ਪੂਰਾ ਤਿਉਹਾਰ ਰੇਗਿਸਤਾਨ ਵਿਚ ਆਯੋਜਿਤ ਕੀਤਾ ਜਾਂਦਾ ਹੈ, ਜਿੱਥੇ ਸਭ ਕੁਝ ਸੜਨ ਮਗਰੋਂ ਸੁਆਹ ਦਾ ਕਾਲਾ ਰੰਗ ਖਿਲਰਿਆ ਹੁੰਦਾ ਹੈ।
ਇਹ ਅਨੋਖਾ ਤਿਉਹਾਰ ਅਮਰੀਕਾ ਦੇ ਨੇਵਾਦਾ ਪ੍ਰਾਂਤ ਵਿਚ ਸਥਿਤ 'ਬਲੈਕ ਰੌਕ ਡੈਜ਼ਰਟ' ਵਿਚ ਆਯੋਜਿਤ ਕੀਤਾ ਜਾਂਦਾ ਹੈ। ਇਸ ਤਿਉਹਾਰ ਦਾ ਨਾਂ 'ਬਰਨਿੰਗ ਮੈਨ ਫੈਸਟੀਵਲ' ਹੈ, ਜਿਸ ਵਿਚ ਹਰ ਸਾਲ ਹਜ਼ਾਰਾਂ ਲੋਕ ਪਹੁੰਚਦੇ ਹਨ। ਇਸ ਵਾਰੀ ਇਸ ਤਿਉਹਾਰ ਵਿਚ ਕਰੀਬ 70 ਹਜ਼ਾਰ ਲੋਕ ਸ਼ਾਮਲ ਹੋਏ। ਇੱਥੇ ਆਉਣ ਵਾਲੇ ਲੋਕ ਆਪਣੇ ਹਿਸਾਬ ਨਾਲ ਸ਼ਹਿਰ ਬਣਾਉਂਦੇ ਹਨ ਅਤੇ ਫਿਰ ਤਿਉਹਾਰ ਦੇ ਅਖੀਰ ਵਿਚ ਖੁਦ ਸਭ ਕੁਝ ਸਾੜ ਦਿੰਦੇ ਹਨ।
31 ਸਾਲ ਪਹਿਲਾਂ ਸ਼ੁਰੂ ਹੋਏ ਇਸ ਤਿਉਹਾਰ ਵਿਚ ਪਹਿਲੀ ਵਾਰੀ ਸਿਰਫ 80 ਲੋਕ ਆਏ ਸਨ ਪਰ ਬਾਅਦ ਵਿਚ ਇਹ ਇਨ੍ਹਾਂ ਮਸ਼ਹੂਰ ਹੋਇਆ ਕਿ ਹਰ ਸਾਲ ਲੋਕਾਂ ਦੀ ਗਿਣਤੀ ਵੱਧਦੀ ਗਈ। ਇੱਥੇ ਆਉਣ ਵਾਲੇ ਲੋਕ ਖੁਦ ਦਾ ਸ਼ਹਿਰ ਬਣਾਉਂਦੇ ਹਨ। ਇਸ ਸ਼ਹਿਰ ਵਿਚ ਉਹ ਕਈ ਕਲਾਤਮਕ ਗੱਡੀਆਂ ਅਤੇ ਦੂਜੀ ਕਲਾ ਨਾਲ ਸੰਬੰਧਿਤ ਚੀਜ਼ਾਂ ਬਣਾਉਂਦੇ ਹਨ। ਇਸ ਦੌਰਾਨ ਨੱਚਣ-ਗਾਉਣਾ ਵੀ ਹੁੰਦਾ ਹੈ ਅਤੇ ਕਲਾ ਦੀ ਪ੍ਰਦਰਸ਼ਨੀ ਵੀ ਹੁੰਦੀ ਹੈ।
ਤਿਉਹਾਰ ਦੇ ਅਖੀਰੀ ਦਿਨ ਇਹ ਲੋਕ ਖੁਦ ਦੀ ਬਣਾਈ ਕਲਾ ਨੂੰ ਸਾੜ ਦਿੰਦੇ ਹਨ। ਅਜਿਹਾ ਉਹ ਇੱਥੋਂ ਦੀ ਫਿਲਾਸਫੀ ਕਾਰਨ ਕਰਦੇ ਹਨ। ਇਸ ਫਿਲਾਸਫੀ ਵਿਚ ਮੰਨਿਆ ਜਾਂਦਾ ਹੈ ਕਿ ਆਪਣੀ ਰਚਨਾ ਨੂੰ ਸਾੜਨ ਨਾਲ ਮਨੁੱਖ ਵਿਚਲੀ 'ਮੈਂ' ਵੀ ਮਰ ਜਾਂਦੀ ਹੈ।


Related News